ਸੀਰਮ ਇੰਸਟੀਚਿਊਟ ਸਣੇ ਕਈ ਕੰਪਨੀਆਂ ਕਰਨਗੀਆਂ ਯੂਕੇ ’ਚ ਨਿਵੇਸ਼

ਸੀਰਮ ਇੰਸਟੀਚਿਊਟ ਸਣੇ ਕਈ ਕੰਪਨੀਆਂ ਕਰਨਗੀਆਂ ਯੂਕੇ ’ਚ ਨਿਵੇਸ਼
ਸੀਰਮ ਇੰਸਟੀਚਿਊਟ ਸਣੇ ਕਈ ਕੰਪਨੀਆਂ ਕਰਨਗੀਆਂ ਯੂਕੇ ’ਚ ਨਿਵੇਸ਼


ਲੰਡਨ, 4 ਮਈ

ਸੀਰਮ ਇੰਸਟੀਚਿਊਟ ਆਫ਼ ਇੰਡੀਆ ਆਪਣੀ ਵੈਕਸੀਨ ਉਤਪਾਦਨ ਸਮਰੱਥਾ ਦਾ ਵਿਸਤਾਰ ਕਰਨ ਲਈ ਯੂਕੇ ਵਿਚ 24 ਕਰੋੜ ਪਾਊਂਡ ਦਾ ਨਿਵੇਸ਼ ਕਰੇਗਾ। ਕੰਪਨੀ ਇੱਥੇ ਆਪਣਾ ਸੇਲਜ਼ ਦਫ਼ਤਰ ਖੋਲ੍ਹੇਗੀ। ਇਸ ਨਾਲ ਕਈ ਨੌਕਰੀਆਂ ਪੈਦਾ ਹੋਣਗੀਆਂ। ਇਸ ਬਾਰੇ ਐਲਾਨ ਡਾਊਨਿੰਗ ਸਟ੍ਰੀਟ ਵੱਲੋਂ ਕੀਤਾ ਗਿਆ ਹੈ। ਭਾਰਤ-ਯੂਕੇ ਵਪਾਰ ਭਾਈਵਾਲੀ ਨੂੰ ਹੁਲਾਰਾ ਦੇਣ ਖਾਤਰ ਯੂਕੇ ਵਿਚ ਇਕ ਅਰਬ ਪਾਊਂਡ ਦੇ ਨਿਵੇਸ਼ ਦੀ ਯੋਜਨਾ ਹੈ। ਇਸ ਨਾਲ ਬਰਤਾਨੀਆ ਵਿਚ 6500 ਨੌਕਰੀਆਂ ਪੈਦਾ ਹੋਣਗੀਆਂ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਨਰਿੰਦਰ ਮੋਦੀ ਦਰਮਿਆਨ ਜਲਦੀ ਹੀ ਵਰਚੁਅਲ ਸਿਖ਼ਰ ਸੰਮੇਲਨ ਹੋਣ ਜਾ ਰਿਹਾ ਹੈ। ਅਦਾਰ ਪੂਨਾਵਾਲਾ ਦੀ ਅਗਵਾਈ ਵਾਲੇ ਸੀਰਮ ਇੰਸਟੀਚਿਊਟ ਤੋਂ ਇਲਾਵਾ 20 ਭਾਰਤੀ ਕੰਪਨੀਆਂ ਯੂਕੇ ‘ਚ ਵੱਖ-ਵੱਖ ਖੇਤਰਾਂ ਵਿਚ ਵੱਡਾ ਨਿਵੇਸ਼ ਕਰਨ ਜਾ ਰਹੀਆਂ ਹਨ।

ਸੀਰਮ ਇੰਸਟੀਚਿਊਟ ਨੇ ਯੂਕੇ ਵਿਚ ਹੀ ਕਰੋਨਾਵਾਇਰਸ ਨੂੰ ਖ਼ਤਮ ਕਰਨ ਲਈ ਨੱਕ ਰਾਹੀਂ ਲਏ ਜਾ ਸਕਣ ਵਾਲੇ ਵੈਕਸੀਨ ਦੇ ਪਹਿਲੇ ਗੇੜ ਦੀ ਪਰਖ਼ ਵੀ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪੂਨਾਵਾਲਾ ਲੰਡਨ ਵਿਚ ਹੀ ਹਨ ਤੇ ਹਾਲ ਹੀ ਵਿਚ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਕੰਪਨੀ ਦਾ ਯੂਕੇ ਵਿਚ ਵਿਸਤਾਰ ਕਰਨ ਜਾ ਰਹੇ ਹਨ। ਬਾਇਓਟੈੱਕ ਫਰਮ ‘ਗਲੋਬਲ ਜੀਨ ਕਾਰਪ’ ਵੀ ਅਗਲੇ ਪੰਜ ਸਾਲਾਂ ਵਿਚ ਲੱਖਾਂ ਪੌਂਡ ਦਾ ਨਿਵੇਸ਼ ਯੂਕੇ ਵਿਚ ਕਰੇਗੀ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਕੰਪਨੀ ਵੱਲੋਂ ਮਨੁੱਖੀ ਜੀਨੋਮ ਪ੍ਰਾਜੈਕਟ ਜਿਸ ਦਾ ਕੈਂਪਸ ਕੈਮਬ੍ਰਿਜ ਵਿਚ ਹੈ, ਉੱਥੇ ਨਿਵੇਸ਼ ਕਰਨ ਦਾ ਉਹ ਸਵਾਗਤ ਕਰਦੇ ਹਨ। ਇਸ ਤੋਂ ਇਲਾਵਾ ਵਿਪਰੋ ਤੇ ਸਟਰਲਾਈਟ ਟੈਕਨੋਲੌਜੀ ਵੀ ਨਿਵੇਸ਼ ਕਰਨ ਦਾ ਐਲਾਨ ਕਰੇਗੀ। ਬਰਤਾਨਵੀ ਪ੍ਰਧਾਨ ਮੰਤਰੀ ਨੇ ਬੀਤੇ ਸਾਲ ਬਰਤਾਨੀਆ ਤੇ ਹੋਰਨਾਂ ਮੁਲਕਾਂ ਤੱਕ ਦਵਾਈਆਂ ਤੇ ਟੀਕਿਆਂ ਦੀ ਸਪਲਾਈ ਪਹੁੰਚਾਉਣ ਲਈ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਵੀ ਕੀਤੀ। -ਪੀਟੀਆਈ

ਭਾਰਤ-ਬਰਤਾਨੀਆ ਨੇ ਰਣਨੀਤਕ ਭਾਈਵਾਲੀ ਲਈ ਰੋਡਮੈਪ-2030 ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਵਿਚਾਲੇ ਅੱਜ ਹੋਏ ਸਿਖਰ ਸੰਮੇਲਨ ‘ਚ ਦੋਵਾਂ ਮੁਲਕਾਂ ਦੇ ਸਬੰਧਾਂ ਨੂੰ ਵੱਡੀ ਰਣਨੀਤਕ ਭਾਈਵਾਲੀ ਵੱਲ ਲਿਜਾਣ ਲਈ ‘ਰੋਡਮੈਪ-2030’ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਰੋਡਮੈਪ ਲੋਕਾਂ ਵਿਚਾਲੇ ਸੰਪਰਕ, ਵਪਾਰ ਤੇ ਅਰਥਚਾਰੇ, ਰੱਖਿਆ ਤੇ ਸੁਰੱਖਿਆ, ਜਲਵਾਯੂ ਤੇ ਸਿਹਤ ਵਰਗੇ ਅਹਿਮ ਖੇਤਰਾਂ ‘ਚ ਅਗਲੇ 10 ਸਾਲਾਂ ਤੱਕ ਮਜ਼ਬੂਤ ਵਟਾਂਦਰੇ ਦਾ ਰਾਹ ਸਾਫ਼ ਕਰੇਗਾ। ਦੋਵਾਂ ਆਗੂਆਂ ਨੇ ਕੋਵਿਡ19 ਦੀ ਤਾਜ਼ਾ ਸਥਿਤੀ ਦੇ ਨਾਲ ਹੀ ਇਸ ਮਹਾਮਾਰੀ ਖ਼ਿਲਾਫ਼ ਲੜਾਈ ‘ਚ ਜਾਰੀ ਸਹਿਯੋਗ ਤੇ ਟੀਕੇ ਨੂੰ ਲੈ ਕੇ ਸਫ਼ਲ ਭਾਈਵਾਲੀ ‘ਤੇ ਵੀ ਚਰਚਾ ਕੀਤੀ। -ਪੀਟੀਆਈSource link