ਬਰਲਿਨ: ਜਰਮਨੀ ਦੀ ਫ਼ੌਜ ਦਾ ਇੱਕ ਕਾਰਗੋ ਜਹਾਜ਼ ਇੱਕ ਆਕਸੀਜਨ ਉਤਾਪਦਕ ਯੂਨਿਟ ਲੈ ਕੇ ਉੱਤਰੀ ਜਰਮਨੀ ਦੇ ਇੱਕ ਹਵਾਈ ਅੱਡੇ ਤੋਂ ਭਾਰਤ ਰਵਾਨਾ ਹੋ ਗਿਆ ਹੈ। ਜਰਮਨੀ ਵੱਲੋਂ ਇਹ ਮਦਦ ਭਾਰਤ ਦੇ ਹਸਪਤਾਲਾਂ ‘ਚ ਕਰੋਨਾ ਮਰੀਜ਼ਾਂ ਦੀ ਮਦਦ ਲਈ ਭੇਜੀ ਗਈ ਹੈ। ਜਰਮਨੀ ਦੀ ਇਹ ਜਹਾਜ਼ ਰਸਤੇ ‘ਚ ਅਬੂਧਾਬੀ ‘ਚ ਠਹਿਰੇਗਾ ਅਤੇ ਇਸ ਦੇ ਵੀਰਵਾਰ ਨੂੰ ਭਾਰਤ ਪੁੱਜਣ ਦੀ ਸੰਭਾਵਨਾ ਹੈ। ਜਰਮਨ ਏਅਰ ਫੋਰਸ ਦੇ ਲੈਫਟੀਨੈਂਟ ਜਨਰਲ ਇੰਗੋ ਗੇਰਹਾਰਟਜ਼ ਨੇ ਕਿਹਾ, ‘ਕਰੋਨਾ ਮਹਾਮਾਰੀ ਖ਼ਿਲਾਫ਼ ਆਲਮੀ ਲੜਾਈ ਦੌਰਾਨ ਅਸੀਂ ਏਅਰਲਿਫਟ ਰਾਹੀਂ ਯੋਗਦਾਨ ਪਾ ਕੇ ਖੁਸ਼ ਹਾਂ।’ ਉਨ੍ਹਾਂ ਕਿਹਾ, ‘ਹਵਾਈ ਆਵਾਜਾਈ ਸਾਡੇ ਲਈ ਆਮ ਗੱਲ ਹੈ ਪਰ ਅਸੀਂ ਸਾਰੇ ਜਾਣਦੇ ਹਾਂ ਇਸ ਮਹਾਮਾਰੀ ਖ਼ਿਲਾਫ਼ ਲੜਾਈ ਮਨੁੱਖੀ ਜਾਨਾਂ ਬਚਾਉਣ ਲਈ ਹੈ ਅਤੇ ਹਰ ਇੱਕ ਜ਼ਿੰਦਗੀ ਮਾਇਨੇ ਰੱਖਦੀ ਹੈ।’ ਜਰਮਨੀ ਦੀ ਇੱਕ 13 ਮੈਂਬਰੀ ਟੀਮ ਵੀ ਕੁਝ ਦਿਨ ਪਹਿਲਾਂ ਭਾਰਤ ਗਈ ਹੈ ਅਤੇ ਭਾਰਤ ‘ਚ ਸਥਾਨਕ ਰੈੱਡ ਕਰਾਸ ਮੈਂਬਰਾਂ ਨੂੰ ਆਕਸੀਜਨ ਯੂਨਿਟ ਦੀ ਵਰਤੋਂ ਦੀ ਸਿਖਲਾਈ ਦੇਣ ਲਈ ਉਥੇ ਦੋ ਹਫ਼ਤੇ ਰਹੇਗੀ। ਵੁਨਸਟੋਰਫ ਏਅਰਬੇਸ ਤੋਂ ਦੂਜਾ ਕਾਰਗੋ ਜਹਾਜ਼ ਵੀਰਵਾਰ ਨੂੰ ਰਵਾਨਾ ਹੋਣ ਦੀ ਸੰਭਾਵਨਾ ਹੈ। -ਏਪੀ