ਨਵੀਂ ਦਿੱਲੀ: ਪੱਛਮੀ ਬੰਗਾਲ ਸਰਕਾਰ ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਕੇਂਦਰ ਸਰਕਾਰ ਦੀ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਲਈ ਬਣਾਈ ਵੈਕਸੀਨ ਪਾਲਿਸੀ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਸੂਬਾ ਸਰਕਾਰ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੈਕਸੀਨ ਨਿਰਮਾਤਾਵਾਂ ਤੋਂ ਕੋਵਿਡ-19 ਦੀਆਂ 100 ਫੀਸਦ ਖੁਰਾਕਾਂ ਦੀ ਖਰੀਦ ਲਈ ਇਕਸਾਰ ਪਾਲਿਸੀ ਅਪਣਾ ਕੇ ਅੱਗੇ ਇਨ੍ਹਾਂ ਖੁਰਾਕਾਂ ਦੀ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਰਾਬਰ ਵੰਡ ਕਰੇ। ਸੂਬਾ ਸਰਕਾਰ ਨੇ ਕੋਵਿਡ-19 ਵੈਕਸੀਨਾਂ ਦੀ ਵੱਖੋ-ਵੱਖਰੀ ਕੀਮਤ ਨਿਰਧਾਰਿਤ ਕਰਨ ਦੇ ਢੰਗ ਤਰੀਕੇ ਨੂੰ ਲਾਂਭੇ ਰੱਖ ਕੇ ਵੈਕਸੀਨ ਦੀ ਪ੍ਰਤੀ ਖੁਰਾਕ ਦੀ ਕੀਮਤ 150 ਰੁਪਏ ਫਿਕਸ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ। ਪੱਛਮੀ ਬੰਗਾਲ ਸਰਕਾਰ ਨੇ ਦਾਅਵਾ ਕੀਤਾ ਕਿ ਅਜੇ ਤੱਕ ਉਸ ਨੂੰ ਕੇਂਦਰ ਸਰਕਾਰ ਕੋਲੋਂ ਆਪਣੇ ਕੋਟੇ ਦੀ ਵੈਕਸੀਨ ਨਹੀਂ ਮਿਲੀ ਹੈ। -ਪੀਟੀਆਈ