ਕਾਠਮੰਡੂ, 10 ਮਈ
ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅੱਜ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਵਿਚ ਭਰੋਸੇ ਦੀ ਵੋਟ ਹਾਸਲ ਕਰਨ ਵਿਚ ਨਾਕਾਮ ਰਹੇ। ਰਾਜਨੀਤਕ ਰੂਪ ਵਿਚ ਸੰਕਟ ਦਾ ਸਾਹਮਣਾ ਕਰ ਰਹੇ ਓਲੀ ਲਈ ਇਸ ਨੂੰ ਇਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ ਜੋ ਪੁਸ਼ਪਕਮਲ ਦਹਲ ‘ਪ੍ਰਚੰਡ’ ਗੁੱਟ ਦੀ ਅਗਵਾਈ ਵਾਲੀ ਕਮਿਊਨਿਸਟ ਪਾਰਟੀ ਨੇਪਾਲ (ਮਾਓਇਸਟ ਸੈਂਟਰ) ਵੱਲੋਂ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਪਾਰਟੀ ‘ਤੇ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਰਾਸ਼ਟਰਪਤੀ ਵਿਦਿਆਦੇਵੀ ਭੰਡਾਰੀ ਦੇ ਨਿਰਦੇਸ਼ ‘ਤੇ ਸੱਦੇ ਗਏ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਓਲੀ ਵੱਲੋਂ ਪੇਸ਼ ਭਰੋਸੇ ਦੇ ਪ੍ਰਸਤਾਵ ਦੇ ਸਮਰਥਨ ਵਿਚ ਕੇਵਲ 93 ਵੋਟਾਂ ਪਈਆਂ ਜਦਕਿ 124 ਮੈਂਬਰਾਂ ਨੇ ਇਸ ਦੇ ਖ਼ਿਲਾਫ਼ ਵੋਟਾਂ ਪਾਈਆਂ। ਓਲੀ (69) ਨੂੰ 275 ਮੈਂਬਰੀ ਪ੍ਰਤੀਨਿਧੀ ਸਭਾ ਵਿਚ ਭਰੋਸੇ ਦੀ ਵੋਟ ਹਾਸਲ ਕਰਨ ਲਈ 136 ਵੋਟਾਂ ਦੀ ਲੋੜ ਸੀ ਕਿਉਂਕਿ ਚਾਰ ਮੈਂਬਰ ਇਸ ਵੇਲੇ ਮੁਅੱਤਲ ਹਨ। ‘ਪ੍ਰਚੰਡ’ ਦੀ ਪਾਰਟੀ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਓਲੀ ਸਰਕਾਰ ਨੇ ਬਹੁਮਤ ਗੁਆ ਲਿਆ ਸੀ। ਨੇਪਾਲ ਵਿਚ ਸਿਆਸੀ ਸੰਕਟ ਪਿਛਲੇ ਸਾਲ 20 ਦਸੰਬਰ ਨੂੰ ਸ਼ੁਰੂ ਹੋਇਆ ਸੀ ਜਦ ਰਾਸ਼ਟਰਪਤੀ ਭੰਡਾਰੀ ਨੇ ਪ੍ਰਧਾਨ ਮੰਤਰੀ ਓਲੀ ਦੀ ਸਿਫਾਰਸ਼ ‘ਤੇ ਸੰਸਦ ਨੂੰ ਭੰਗ ਕਰ ਕੇ 30 ਅਪਰੈਲ ਤੇ 10 ਮਈ ਨੂੰ ਨਵੇਂ ਸਿਰਿਓਂ ਚੋਣਾਂ ਕਰਵਾਉਣ ਦਾ ਹੁਕਮ ਦੇ ਦਿੱਤਾ ਸੀ। ਓਲੀ ਨੇ ਇਹ ਸਿਫਾਰਿਸ਼ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਵਿਚ ਸੱਤਾ ਬਾਰੇ ਚੱਲ ਰਹੀ ਖਿੱਚੋਤਾਣ ਦੌਰਾਨ ਕੀਤੀ ਸੀ। -ਪੀਟੀਆਈ