ਪੰਜਾਬ ਵਿਚ ਕਰੋਨਾ ਕਾਰਨ 198 ਹੋਰ ਮੌਤਾਂ, 8625 ਨਵੇਂ ਕੇਸ

ਪੰਜਾਬ ਵਿਚ ਕਰੋਨਾ ਕਾਰਨ 198 ਹੋਰ ਮੌਤਾਂ, 8625 ਨਵੇਂ ਕੇਸ


ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਕਾਰਨ 198 ਮੌਤਾਂ ਹੋਈਆਂ ਜਦਕਿ 8625 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ ਲੁਧਿਆਣਾ, ਬਠਿੰਡਾ, ਸੰਗਰੂਰ, ਮੁਹਾਲੀ ਅਤੇ ਪਟਿਆਲਾ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਸਿਹਤ ਵਿਭਾਗ ਵੱਲੋਂ ਜਾਰੀ ਬੁਲੈਟਨ ਮੁਤਾਬਕ ਹੁਣ ਤੱਕ ਸੂਬੇ ਵਿਚ ਕੁੱਲ 10704 ਵਿਅਕਤੀ ਇਸ ਮਹਾਮਾਰੀ ਦੀ ਭੇਟ ਚੜ੍ਹ ਚੁੱਕੇ ਹਨ। ਸੂਬੇ ਵਿੱਚ ਲਾਗ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ 4.50 ਲੱਖ ਤੋਂ ਟੱਪ ਗਈ ਹੈ ਅਤੇ 3.64 ਲੱਖ ਤੋਂ ਵੱਧ ਮਰੀਜ਼ ਸਿਹਤਯਾਬ ਵੀ ਹੋਏ ਹਨ। ਪੰਜਾਬ ਵਿਚ 75800 ਮਰੀਜ਼ ਇਸ ਵੇਲੇ ਜ਼ੇਰੇ ਇਲਾਜ ਹਨ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਮੌਤਾਂ ਦਾ ਅੰਕੜਾ ਜ਼ਿਲ੍ਹਾਵਾਰ ਦੇਖਿਆ ਜਾਵੇ ਤਾਂ ਲੁਧਿਆਣਾ ਵਿੱਚ 30, ਬਠਿੰਡਾ ਵਿੱਚ 19, ਸੰਗਰੂਰ ਵਿੱਚ 17, ਪਟਿਆਲਾ ਤੇ ਮੁਹਾਲੀ ਵਿੱਚ 14-14, ਮੁਕਤਸਰ ਵਿੱਚ 13, ਫਿਰੋਜ਼ਪੁਰ ਵਿੱਚ 11, ਅੰਮ੍ਰਿਤਸਰ ਵਿੱਚ 10, ਹੁਸ਼ਿਆਰਪੁਰ ਵਿੱਚ 9, ਪਠਾਨਕੋਟ, ਜਲੰਧਰ ਤੇ ਫਾਜ਼ਿਲਕਾ ਵਿੱਚ 8-8, ਫ਼ਰੀਦਕੋਟ ਵਿੱਚ 5, ਕਪੂਰਥਲਾ ਤੇ ਗੁਰਦਾਸਪੁਰ ਵਿੱਚ 4-4, ਮਾਨਸਾ, ਨਵਾਂਸ਼ਹਿਰ ਤੇ ਫਾਜ਼ਿਲਕਾ ਵਿੱਚ 3-3, ਬਰਨਾਲਾ ਵਿੱਚ 2 ਅਤੇ ਮੋਗਾ ਤੇ ਤਰਨ ਤਾਰਨ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਕਰੋਨਾ ਕਾਰਨ ਹੋਈ ਹੈ। ਸਿਹਤ ਵਿਭਾਗ ਮੁਤਾਬਕ ਮੁਕਤਸਰ, ਮੁਹਾਲੀ ਅਤੇ ਮਾਨਸਾ ਵਿੱਚ ਪਾਜ਼ੇਟਿਵਿਟੀ ਦਰ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ।

ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ 38 ਤੇ ਸੰਗਰੂਰ ਜ਼ਿਲ੍ਹੇ ‘ਚ 17 ਮੌਤਾਂ

ਪਟਿਆਲਾ (ਸਰਬਜੀਤ ਸਿੰਘ ਭੰਗੂ): ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਅੱਜ ਕਰੋਨਾਵਾਇਰਸ ਦੇ 38 ਹੋਰ ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਉਂਜ, ਇਨ੍ਹਾਂ ਵਿਚ ਪੰਜ ਸ਼ੱਕੀ ਮਰੀਜ਼ ਵੀ ਸ਼ਾਮਲ ਹਨ। ਮ੍ਰਿਤਕਾਂ ਵਿਚੋਂ ਪੰਜ ਬਾਹਰਲੇ ਰਾਜਾਂ ਨਾਲ ਸਬੰਧਤ ਸਨ ਜਦਕਿ ਪਟਿਆਲਾ ਜ਼ਿਲ੍ਹੇ ਦੇ 12 ਮਰੀਜ਼ਾਂ ਤੋਂ ਇਲਾਵਾ ਬਾਕੀ ਮਰੀਜ਼ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਸਨ। ਪਟਿਆਲਾ ਨਾਲ ਹੀ ਸਬੰਧਤ ਦੋ ਹੋਰ ਮਰੀਜ਼ਾਂ ਦੀ ਮੌਤ ਹੋਰਨਾਂ ਹਸਪਤਾਲਾਂ ਵਿੱਚ ਹੋਈ ਹੈ ਜਿਸ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ 14 ਮਰੀਜ਼ਾਂ ਦੀ ਮੌਤ ਹੋਈ। ਹੁਣ ਤੱਕ ਇਕੱਲੇ ਪਟਿਆਲਾ ਜ਼ਿਲ੍ਹੇ ਦੇ 915 ਵਸਨੀਕਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਕੋਵਿਡ-19 ਦੇ 657 ਨਵੇਂ ਕੇਸ ਮਿਲੇ ਹਨ।

ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ਵਿੱਚ ਅੱਜ ਅੱਠ ਔਰਤਾਂ ਸਣੇ 17 ਹੋਰ ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਜ਼ਿਲ੍ਹੇ ਵਿਚ ਕਰੋਨਾ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ 468 ਹੋ ਚੁੱਕੀ ਹੈ। ਅੱਜ ਜ਼ਿਲ੍ਹੇ ਵਿਚ ਕਰੋਨਾ ਦੇ 203 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ ‘ਚ ਐਕਟਿਵ ਕੇਸਾਂ ਦੀ ਗਿਣਤੀ 1861 ਹੋ ਗਈ ਹੈ। ਉੱਧਰ, 197 ਮਰੀਜ਼ ਕਰੋਨਾ ਨੂੰ ਹਰਾਉਣ ਵਿੱਚ ਸਫ਼ਲ ਹੋਏ ਹਨ।



Source link