ਵਾਸ਼ਿੰਗਟਨ, 11 ਮਈ
ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਸਕਿਓਰਿਟੀ ਅਧਿਕਾਰੀਆਂ ਨੇ ਵਾਸ਼ਿੰਗਟਨ ਡੀਸੀ ਉਪਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਾਰਤ ਤੋਂ ਪਰਤੇ ਯਾਤਰੀ ਦੇ ਸਾਮਾਨ ਵਿੱਚੋਂ ਦੋ ਪਾਥੀਆਂ ਬਰਾਮਦ ਕੀਤੀਆਂ ਹਨ। ਜਿਸ ਬੈਗ ਵਿਚ ਭਾਰਤੀ ਯਾਤਰੀ ਗਾਂ ਦੇ ਗੋਹੇ ਵਾਲੀਆਂ ਪਾਥੀਆਂ ਲੈ ਕੇ ਆਇਆ ਸੀ, ਉਸ ਨੂੰ ਉਹ ਹਵਾਈ ਅੱਡੇ ‘ਤੇ ਹੀ ਛੱਡ ਗਿਆ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਵਿੱਚ ਪਾਥੀਆਂ ‘ਤੇ ਪਾਬੰਦੀ ਹੈ, ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਮੂੰਹ-ਖੁਰ ਦੀ ਬਿਮਾਰੀ ਫੈਲਦੀ ਹੈ। ਇਨ੍ਹਾਂ ਪਾਥੀਆਂ ਨੂੰ ਮਗਰੋਂ ਨਸ਼ਟ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ, ”ਕਸਟਮਜ਼ ਤੇ ਬਾਰਡਰ ਸਕਿਓਰਿਟੀ ਦੇ ਖੇਤੀ ਮਾਹਿਰਾਂ ਨੇ ਹਵਾਈ ਅੱਡੇ ‘ਤੇ ਛੱਡੇ ਸਾਮਾਨ ਵਿੱਚੋਂ ਦੋ ਪਾਥੀਆਂ ਬਰਾਮਦ ਕੀਤੀਆਂ ਹਨ। ਇਹ ਸਾਮਾਨ 4 ਅਪਰੈਲ ਨੂੰ ਏਅਰ ਇੰਡੀਆ ਦੀ ਉਡਾਣ ਰਾਹੀਂ ਪਰਤੇ ਮੁਸਾਫ਼ਰਾਂ ‘ਚੋਂ ਇਕ ਦਾ ਸੀ।’ ਸੀਬੀਪੀ ਦੇ ਬਾਲਟੀਮੋਰ ਫੀਲਡ ਦਫ਼ਤਰ ਦੇ ਕਾਰਜਕਾਰੀ ਨਿਰਦੇਸ਼ਕ ਕੀਥ ਫਲੈਮਿੰਗ ਨੇ ਕਿਹਾ, ‘ਮੂੰਹ ਤੇ ਖੁਰ ਜਾਨਵਰਾਂ ਨੂੰ ਹੋਣ ਵਾਲੀ ਅਜਿਹੀ ਬਿਮਾਰੀ ਹੈ, ਜਿਸ ਤੋਂ ਸਾਰੇ ਪਸ਼ੂ ਪਾਲਕ ਡਰਦੇ ਹਨ ਤੇ ਇਸ ਦੇ ਗੰਭੀਰ ਆਰਥਿਕ ਸਿੱਟੇ ਵੀ ਭੁਗਤਣੇ ਪੈਂਦੇ ਹਨ।’ ਸੀਬੀਪੀ ਨੇ ਕਿਹਾ ਕਿ ਗਾਂ ਦੇ ਗੋਹੇ ਵਾਲੀ ਪਾਥੀ ਵਿੱਚ ਊਰਜਾ ਹੁੰਦੀ ਹੈ ਤੇ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਇਸ ਨੂੰ ਖਾਣਾ ਬਣਾਉਣ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਖਾਦ ਵਜੋਂ ਵੀ ਵਰਤਿਆ ਜਾਂਦਾ ਹੈ, ਪਰ ਇੰਨੇ ਫਾਇਦਿਆਂ ਦੇ ਬਾਵਜੂਦ ਭਾਰਤ ਤੋਂ ਆਈ ਪਾਥੀ ‘ਤੇ ਪਾਬੰਦੀ ਹੈ ਕਿਉਂਕਿ ਇਸ ਨਾਲ ਮੂੰਹ ਤੇ ਖੁਰ ਬਿਮਾਰੀ ਫੈਲਣ ਦਾ ਖ਼ਦਸ਼ਾ ਹੈ। -ਪੀਟੀਆਈ