ਵੈਕਸੀਨ ਬਣਾਉਣ ਦੀਆਂ ਇੱਛੁਕ ਕੰਪਨੀਆਂ ਦੀ ਮਦਦ ਕਰੇਗਾ ਕੇਂਦਰ

ਵੈਕਸੀਨ ਬਣਾਉਣ ਦੀਆਂ ਇੱਛੁਕ ਕੰਪਨੀਆਂ ਦੀ ਮਦਦ ਕਰੇਗਾ ਕੇਂਦਰ
ਵੈਕਸੀਨ ਬਣਾਉਣ ਦੀਆਂ ਇੱਛੁਕ ਕੰਪਨੀਆਂ ਦੀ ਮਦਦ ਕਰੇਗਾ ਕੇਂਦਰ


ਨਵੀਂ ਦਿੱਲੀ, 14 ਮਈ

ਮੁੱਖ ਅੰਸ਼

  • ਸਰਕਾਰੀ ਮਾਲਕੀ ਵਾਲੇ ਤਿੰਨ ਅਦਾਰਿਆਂ ਨਾਲ ਮਿਲ ਕੇ ਕੰਮ ਕਰਨ ਦੀ ਤਿਆਰੀ
  • ਵੈਕਸੀਨ ਨਿਰਮਾਤਾਵਾਂ ‘ਤੇ ਦਬਾਅ ਪਾਉਣ ਦੇ ਦੋਸ਼ਾਂ ਤੋਂ ਇਨਕਾਰ
  • ਸਿਸੋਦੀਆ ਦੇ ਦੋਸ਼ ਮਨੋਬਲ ਡੇਗਣ ਵਾਲੇ ਕਰਾਰ

ਕੌਮੀ ਰਾਜਧਾਨੀ ਵਿੱਚ ਸਾਰੇ ਬਾਲਗਾਂ ਦੇ ਟੀਕਾਕਰਨ ਲਈ ਉਚਿਤ ਮਾਤਰਾ ਵਿੱਚ ਵੈਕਸੀਨਾਂ ਦੀ ਉਪਲੱਬਧਤਾ ਨੂੰ ਲੈ ਕੇ ਕੇਂਦਰ ਤੇ ਦਿੱਲੀ ਸਰਕਾਰ ਦਰਮਿਆਨ ਚੱਲ ਰਹੀ ਸਿਆਸੀ ਸ਼ਬਦੀ ਜੰਗ ਦਰਮਿਆਨ ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਉਹ ਉਨ੍ਹਾਂ ਸਾਰੀਆਂ ਕੰਪਨੀਆਂ ਨੂੰ ਹਰ ਸੰਭਵ ਸਹਾਇਤਾ ਦੇੇਣ ਲਈ ਤਿਆਰ ਹੈ, ਜੋ ਟੀਕਿਆਂ ਦੀ ਸਪਲਾਈ ਵਧਾਉਣ ਦੇ ਇਰਾਦੇ ਨਾਲ ਵੈਕਸੀਨ ਉਤਪਾਦਨ ਦੇ ਇੱਛੁਕ ਹਨ। ਸਰਕਾਰ ਨੇ ਹਾਲਾਂਕਿ ਨਾਲ ਹੀ ਸਾਫ਼ ਕਰ ਦਿੱਤਾ ਕਿ ਭਾਰਤ ਵਿੱਚ ਵਿਕਸਤ ‘ਕੋਵੈਕਸੀਨ’ ਟੀਕੇ ਨੂੰ ਤਿਆਰ ਕਰਨ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਲੈਬਾਰਟਰੀ ਦੀ ਵੱਡੀ ਲੋੜ ਹੈ, ਜੋ ਕਿ ਵੱਡੀ ਗਿਣਤੀ ਵੈਕਸੀਨ ਨਿਰਮਾਤਾਵਾਂ ਕੋਲ ਨਹੀਂ ਹੈ। ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਦੇ ਇਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ ਨੇ ਕੇਜਰੀਵਾਲ ਸਰਕਾਰ ਨੂੰ ‘ਕੋਵੈਕਸੀਨ’ ਦੀਆਂ ਵਾਧੂ ਖੁਰਾਕਾਂ ਦੇਣ ਤੋਂ ਨਾਂਹ ਕੀਤੀ ਸੀ। ਕੇਂਦਰ ਸਰਕਾਰ ਨੇ ਕਿਹਾ ਕਿ ਕੌਮੀ ਰਾਜਧਾਨੀ ਨੂੰ 15 ਲੱਖ ਤੋਂ ਵੱਧ ਵੈਕਸੀਨਾਂ ਮਿਲੀਆਂ ਹਨ ਤੇ ਉਸ ਦੀ ਭੂਮਿਕਾ ਰਾਜਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਹੈ। ਚੇਤੇ ਰਹੇ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱੱਚ ਦਾਅਵਾ ਕੀਤਾ ਸੀ ਕਿ ਸਬੰਧਤ ਸਰਕਾਰੀ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਭਾਰਤ ਬਾਇਓਟੈੱਕ ਕੌਮੀ ਰਾਜਧਾਨੀ ਨੂੰ ‘ਕੋਵੈਕਸੀਨ’ ਦੀਆਂ ਵਾਧੂ ਖੁਰਾਕਾਂ ਦੇਣ ਤੋਂ ਇਨਕਾਰੀ ਹੈ। ਸਿਸੋਦੀਆ ਨੇ ਕਿਹਾ ਸੀ ਕਿ ਵੈਕਸੀਨ ਨਿਰਮਾਤਾ ਦੇ ਰੁਖ਼ ਤੋਂ ਸਾਫ਼ ਹੈ ਕਿ ਕੇਂਦਰ ਸਰਕਾਰ ਵੈਕਸੀਨ ਸਪਲਾਈ ਨੂੰ ਕੰਟਰੋਲ ਕਰ ਰਹੀ ਹੈ। ਨੀਤੀ ਆਯੋਗ (ਸਿਹਤ) ਦੇ ਮੈਂਬਰ ਵੀ.ਕੇ.ਪੌਲ ਨੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵਿਉਂਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੀ ਭੂਮਿਕਾ ਸਹੂਲਤਾਂ ਮੁਹੱਈਆ ਕਰਵਾਉਣ ਦੀ ਹੈ। ਉਨ੍ਹਾਂ ਕਿਹਾ, ”ਅਸੀਂ ਕਿਸੇ ਖਾਸ ਸੂਬੇ ਨੂੰ ਵੈਕਸੀਨ ਦੀ ਸਪਲਾਈ ਨਾ ਦੇਣ ਲਈ ਕਿਸੇ ਤਰ੍ਹਾਂ ਦਾ ਦਬਾਅ ਪਾਉਣ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹਾਂ।” ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ਾਂ ਨਾਲ ਵੈਕਸੀਨ ਨਿਰਮਾਤਾਵਾਂ ਦੇ ਮਨੋਬਲ ‘ਤੇ ਅਸਰ ਪੈਂਦਾ ਹੈ। ਪੌਲ ਨੇ ਕਿਹਾ, ”ਅਸੀਂ ਅੱਜ ਉਨ੍ਹਾਂ ਕਰ ਕੇ ਹੀ ਇਸ ਮੁਕਾਮ/ਹੈਸੀਅਤ ਵਿੱਚ ਖੜ੍ਹੇ ਹਾਂ, ਜਿੱਥੇ ਸਾਨੂੰ ਵੈਕਸੀਨਾਂ ਲਈ ਹੋਰਨਾਂ ਮੁਲਕਾਂ ਅੱਗੇ ਹੱਥ ਨਹੀਂ ਅੱਡਣੇ ਪੈ ਰਹੇ ਹਨ।” ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈੱਕ ਵੱਲੋਂ ਆਪਣੀ ਉਤਪਾਦਨ ਸਮਰੱਥਾ ਵਧਾਈ ਜਾ ਰਹੀ ਹੈ ਤੇ ਇਸ ਕੰਮ ਲਈ ਸਰਕਾਰੀ ਮਾਲਕੀ ਵਾਲੇ ਤਿੰਨ ਅਦਾਰਿਆਂ ਨੂੰ ਨਾਲ ਜੋੜਿਆ ਗਿਆ ਹੈ। ਕਾਬਿਲੇਗੌਰ ਹੈ ਕਿ ਸਿਸੋਦੀਆ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਦੇਸ਼ ਵਿੱਚ ਵੈਕਸੀਨ ਉਤਪਾਦਨ ਵਧਾਉਣ ਲਈ ਵੈਕਸੀਨ ਨਿਰਮਾਤਾ ਦੋ ਕੰਪਨੀਆਂ (ਭਾਰਤੀ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ) ਦਾ ‘ਵੈਕਸੀਨ ਫਾਰਮੂਲਾ’ ਹੋਰਨਾਂ ਕੰਪਨੀਆਂ ਨਾਲ ਸਾਂਝਿਆਂ ਕੀਤੇ ਜਾਣ ਦੀ ਅਪੀਲ ਕੀਤੀ ਸੀ। ਪੌਲ ਨੇ ‘ਕੋਵੈਕਸੀਨ’ ਦਾ ਉਤਪਾਦਨ ਵਧਾਉਣ ਦੀ ਗੱਲ ਕਰਦਿਆਂ ਕਿਹਾ ਕਿ ਭਾਰਤ ਬਾਇਓਟੈੱਕ ਨੇ ਹੋਰਨਾਂ ਭਾਈਵਾਲਾਂ ਦੀ ਸ਼ਮੂਲੀਅਤ ਨਾਲ ਵੈਕਸੀਨ ਖੁਰਾਕਾਂ ਦਾ ਉਤਪਾਦਨ ਵਧਾਏ ਜਾਣ ਦੀ ਪੇਸ਼ਕਦਮੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ, ”ਉਨ੍ਹਾਂ ਵੀ ਪਹੁੰਚ ਕੀਤੀ ਹੈ ਜਦੋਂਕਿ ਇਸ ਪਹਿਲਕਦਮੀ ਲਈ ਸਾਡੇ ਕੁਝ ਸਰਕਾਰੀ ਅਦਾਰੇ ਵੀ ਜੁੜ ਗਏ ਹਨ।’ ਪਿਛਲੇ ਮਹੀਨੇ ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ) ਨੇ ਕੋਵਿਡ ਸੁਰੱਕਸ਼ਾ ਮਿਸ਼ਨ ਤਹਿਤ ਸਰਕਾਰੀ ਮਾਲਕੀ ਵਾਲੇ ਤਿੰਨ ਅਦਾਰਿਆਂ ਦੀ ਮਦਦ ਨਾਲ ਕੋਵੈਕਸੀਨ ਦਾ ਉਤਪਾਦਨ ਵਧਾਉਣ ਤੇ ਮਈ-ਜੂਨ ਵਿੱਚ ਇਸ ਨੂੰ ਦੁੱਗਣਾ ਕਰਨ ਲਈ ਕਾਰਜਯੋਜਨਾ ਪੇਸ਼ ਕੀਤੀ ਸੀ। -ਪੀਟੀਆਈ

ਦੇਸ਼ ‘ਚ 4 ਹਜ਼ਾਰ ਮੌਤਾਂ, 3.43 ਲੱਖ ਨਵੇਂ ਕੇਸ

ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 3,43,144 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 2,40,46,809 ਹੋ ਗਈ ਹੈ। ਇਸ ਦੌਰਾਨ 4000 ਹੋਰ ਲੋਕ ਮੌਤ ਦੇ ਮੂੰਹ ਪੈ ਗਏ, ਜਿਸ ਕਰਕੇ ਕਰੋਨਾ ਮਹਾਮਾਰੀ ਕਰਕੇ ਮਰਨ ਵਾਲਿਆਂ ਦਾ ਕੁੱਲ ਅੰਕੜਾ 2,62,317 ਨੂੰ ਪੁੱਜ ਗਿਆ ਹੈ। ਉਂਜ ਅੱਜ ਲਗਾਤਾਰ ਤੀਜਾ ਦਿਨ ਹੈ ਜਦੋਂ ਚਾਰ ਹਜ਼ਾਰ ਜਾਂ ਇਸ ਤੋੋਂ ਵੱਧ ਮੌਤਾਂ ਰਿਪੋਰਟ ਹੋਈਆਂ ਹਨ। ਸਰਗਰਮ ਕੇਸਾਂ ਦੀ ਕੁੱਲ ਗਿਣਤੀ ਘੱਟ ਕੇ 37,04,893 ਰਹਿ ਗਈ ਹੈ, ਜੋ ਕੁੱਲ ਕੇਸ ਲੋਡ ਦਾ 15.41 ਫੀਸਦ ਹੈ। ਹੁਣ ਤੱਕ 2,00,79,599 ਮਰੀਜ਼ ਕਰੋਨਾ ਦੀ ਲਾਗ ਤੋਂ ਸਿਹਤਯਾਬ ਹੋ ਚੁੱਕੇ ਹਨ ਤੇ ਕੋਵਿਡ-19 ਦੀ ਕੌਮੀ ਰਿਕਵਰੀ ਦਰ 83.50 ਫੀਸਦ ਤੇ ਮੌਤ ਦਰ 1.09 ਫੀਸਦ ਹੈ। ਅੱਜ ਸਵੇਰੇ ਅੱਠ ਵਜੇ ਤੱਕ ਰਿਪੋਰਟ ਹੋਈਆਂ 4000 ਹੋਰ ਮੌਤਾਂ ‘ਚੋਂ ਮਹਾਰਾਸ਼ਟਰ ‘ਚ 850, ਕਰਨਾਟਕ 344, ਦਿੱਲੀ 308, ਤਾਮਿਲ ਨਾਡੂ 297, ਯੂਪੀ 277, ਪੰਜਾਬ 186, ਛੱਤੀਸਗੜ੍ਹ 195, ਹਰਿਆਣਾ 163, ਰਾਜਸਥਾਨ 159, ਪੱਛਮੀ ਬੰਗਾਲ 129, ਉੱਤਰਾਖੰਡ 122, ਗੁਜਰਾਤ 109 ਤੇ ਝਾਰਖੰਡ ਵਿੱਚ 108 ਵਿਅਕਤੀ ਦਮ ਤੋੜ ਗਏ। ਭਾਰਤੀ ਮੈਡੀਕਲ ਖੋਜ ਕੌਂਸਲ ਨੇ 13 ਮਈ ਤੱਕ 31,13,24,100 ਨਮੂਨਿਆਂ ਦੀ ਜਾਂਚ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ। -ਪੀਟੀਆਈ

ਕੇਂਦਰੀ ਡਰੱਗਜ਼ ਲੈਬਾਰਟਰੀ ਵੱਲੋਂ ‘ਸਪੂਤਨਿਕ ਵੀ’ ਦੀ ਪਹਿਲੀ ਖੇਪ ਨੂੰ ਹਰੀ ਝੰਡੀ

ਸੋਲਨ (ਅੰਬਿਕਾ ਸ਼ਰਮਾ): ਕਸੌਲੀ ਅਧਾਰਿਤ ਕੇਂਦਰੀ ਡਰੱਗਜ਼ ਲੈਬਾਰਟਰੀ (ਸੀਡੀਐੱੱਲ) ਨੇ ਰੂਸ ਤੋਂ ਦਰਾਮਦ ਕੀਤੀ ਕੋਵਿਡ-19 ਵੈਕਸੀਨ ‘ਸਪੂਤਨਿਕ ਵੀ’ ਦੀ ਪਹਿਲੀ ਖੇਪ ਨੂੰ ਰੈਗੂਲੇਟਰੀ ਪ੍ਰਵਾਨਗੀ ਦੇ ਦਿੱਤੀ ਹੈ। ਰੂਸ ਵੱਲੋਂ ਤਿਆਰ ਇਸ ਵੈਕਸੀਨ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪੁੱਜ ਗਈ ਸੀ। ਉਧਰ ਡਾ.ਰੈੱਡੀਜ਼ ਲੈਬਾਰਟਰੀ ਵੱਲੋਂ ਰੂਸੀ ਵੈਕਸੀਨ ਦੀ ਪਹਿਲੀ ਖੁਰਾਕ ਅੱਜ ਹੈਦਰਾਬਾਦ ਵਿੱਚ ਇਕ ਵਿਅਕਤੀ ਨੂੰ ਲਾਈ ਗਈ। ਡਾ.ਰੈੱਡੀਜ਼ ਲੈਬਾਰਟਰੀ, ਜਿਸ ਕੋਲ ਭਾਰਤ ਵਿੱਚ ਰੂਸੀ ਵੈਕਸੀਨ ਦੀ ਵੰਡ ਦੇ ਅਧਿਕਾਰ ਹਨ, ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ‘ਸਪੂਤਨਿਕ ਵੀ’ ਦੀ ਇਕ ਖੁਰਾਕ ਦੀ ਕੀਮਤ 995 ਰੁਪੲੇ (948 ਰੁਪੲੇ+ 5 ਫੀਸਦ ਜੀਐੱਸਟੀ) ਹੋਵੇਗੀ। ਬਿਆਨ ਵਿੱਚ ਹਾਲਾਂਕਿ ਇਸ਼ਾਰਾ ਕੀਤਾ ਗਿਆ ਹੈ ਕਿ ਸਥਾਨਕ ਪੱਧਰ ‘ਤੇ ਸਪਲਾਈ ਸ਼ੁਰੂ ਹੋਣ ਨਾਲ ਕੀਮਤਾਂ ਕੁਝ ਘਟ ਸਕਦੀਆਂ ਹਨ।

ਸੋਲਨ ਸਥਿਤ ਲੈਬਾਰਟਰੀ ਵਿਚਲੇ ਇਕ ਸੂਤਰ ਨੇ ਕਿਹਾ, ‘ਲੈਬ ਨੂੰ ਮਿਲੇ ‘ਸਪੂਤਨਿਕ ਵੀ’ ਦੇ ਨਮੂਨਿਆਂ ਦੀ 3 ਮਈ ਨੂੰ ਜਾਂਚ ਕੀਤੀ ਗਈ ਸੀ। ਇਸ ਦੌਰਾਨ ਜ਼ਹਿਰੀਲੇਪਣ, ਜਰਮ ਰਹਿਤ ਤੇ ਹੋਰ ਕਈ ਅਹਿਮ ਕਾਰਕਾਂ ਨੂੰ ਧਿਆਨ ‘ਚ ਰੱਖਦਿਆਂ ਜਾਂਚ ਕੀਤੀ ਗਈ। ਜਾਂਚ ਦੇ ਨਤੀਜੇ ਲੰਘੀ ਸ਼ਾਮ ਹੀ ਭਾਰਤੀ ਡਰੱਗ ਕੰਟਰੋਲਰ ਜਨਰਲ ਨੂੰ ਭੇਜ ਦਿੱਤੇ ਗੲੇ ਸਨ।’ ਕਾਬਿਲੇਗੌਰ ਹੈ ਕਿ ਘਰੇਲੂ ਬਾਜ਼ਾਰ, ਭਾਰਤ ਸਰਕਾਰ ਦੇ ਟੀਕਾਕਰਨ ਪ੍ਰੋਗਰਾਮ ਅਤੇ ਬਰਾਮਦ ਜਾਂ ਦਰਾਮਦ ਕੀਤੀਆਂ ਜਾਣ ਵਾਲੀਆਂ ਵੈਕਸੀਨਾਂ ਦੀ ਕੌਮੀ ਨੇੇਮਾਂ ਤਹਿਤ ਕੇਂਦਰੀ ਡਰੱਗਜ਼ ਲੈਬਾਰਟਰੀ (ਸੀਡੀਐੱਲ) ਵਿੱਚ ਜਾਂਚ ਕੀਤੀ ਜਾਂਦੀ ਹੈ। ਭਾਰਤੀ ਡਰੱਗ ਕੰਟਰੋਲਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਵੈਕਸੀਨ ਦੀ ਕੌਮੀ ਕੋਵਿਡ-19 ਟੀਕਾਕਰਨ ਪ੍ਰੋਗਰਾਮ ਤਹਿਤ ਵਰਤੋਂ ਤੋਂ ਪਹਿਲਾਂ ਵੈਕਸੀਨ ਦੇ ਹਰ ਬੈਚ ਦੀ ਜਾਂਚ ਹੁੰਦੀ ਹੈ। ਸੀਡੀਐੱਲ ਦੀ ਪ੍ਰਵਾਨਗੀ ਮਗਰੋਂ ਵੈਕਸੀਨ ਨੂੰ ਨਿਰਧਾਰਤ ਪ੍ਰੋਟੋਕੋਲ ਮੁਤਾਬਕ ਵਰਤਿਆ ਜਾ ਸਕਦਾ ਹੈ। ਭਾਰਤੀ ਡਰੱਗਜ਼ ਕੰਟਰੋਲਰ ਜਨਰਲ ਨੇ 12 ਅਪਰੈਲ ਨੂੰ ਕਲੀਨਿਕਲ ਟਰਾਇਲਾਂ ਦੇ ਅਧਾਰ ‘ਤੇ ਸਪੂਤਨਿਕ ਵੀ ਦੀ ਐਮਰਜੈਂਸੀ ਵਰਤੋਂ ਲਈ ਹਰੀ ਝੰਡੀ ਦੇ ਦਿੱਤੀ ਸੀ। ਕਲੀਨਿਕਲ ਟਰਾਇਲਾਂ ਦੇ ਤੀਜੇ ਗੇੜ ਦੇ ਨਤੀਜਿਆਂ ਦੀ ਸਮੀਖਿਆ ਮੁਤਾਬਕ ਰੂਸੀ ਵੈਕਸੀਨ ਕਰੋਨਾ ਖਿਲਾਫ਼ 91.6 ਫੀਸਦ ਤੱਕ ਅਸਰਦਾਰ ਹੈ।Source link