ਸ਼ਗਨ ਕਟਾਰੀਆ
ਬਠਿੰਡਾ, 15 ਮਈ
13 ਮਈ ਤੋਂ ਕੰਮ-ਰੋਕੂ ਹੜਤਾਲ ‘ਤੇ ਚੱਲ ਰਹੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਵਰਕਰਾਂ ਨੇ ਅੱਜ ਇਥੇ ਨਗਰ ਨਿਗਮ ਦਫ਼ਤਰ ਅੱਗੇ ਗੇਟ ਰੈਲੀ ਕਰਕੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ। ਯੂਨੀਅਨ ਦੇ ਮੁਕਾਮੀ ਪ੍ਰਧਾਨ ਵੀਰ ਭਾਨ ਨੇ ਕਿਹਾ ਕਿ 1 ਜਨਵਰੀ 2004 ਤੋਂ ਬੰਦ ਕੀਤੀ ਪੁਰਾਣੀ ਪੈਨਸ਼ਨ ਸਕੀਮ ਮੁੜ ਬਹਾਲ ਕਰਕੇ ਨਵੀਂ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ। ਉਨ੍ਹਾਂ ਠੇਕਾ ਪ੍ਰਣਾਲੀ ਖਤਮ ਕਰਕੇ ਨਵੀਂ ਭਰਤੀ ਦੀ ਵਕਾਲਤ ਕਰਦਿਆਂ ਡਿਊਟੀ ਦੌਰਾਨ ਜਾਨਾਂ ਗੁਆਉਣ ਵਾਲੇ ਕਰਮਚਾਰੀਆਂ ਦੇ ਪਰਿਵਾਰਕ ਵਾਰਸਾਂ ‘ਚੋਂ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਵੀ ਰੱਖੀ। ਉਨ੍ਹਾਂ ਨਵਾਂ ਪੇ-ਸਕੇਲ ਲਾਗੂ ਕਰਨ ਅਤੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਲਈ ਵੀ ਸਰਕਾਰ ਨੂੰ ਅਪੀਲ ਕੀਤੀ। ਉਨ੍ਹਾਂ ‘ਵਿਕਾਸ ਟੈਕਸ’ ਦੇ ਤੌਰ ‘ਤੇ ਕਰਮਚਾਰੀਆਂ ਦੀ ਤਨਖਾਹ ‘ਚੋਂ ਹੁੰਦੀ 200 ਰੁਪਏ ਦੀ ਕਟੌਤੀ ਰੋਕਣ ਲਈ ਵੀ ਆਖਿਆ। ਅਖੀਰ ‘ਚ ਉਨ੍ਹਾਂ ਕਿਹਾ ਕਿ ਜਦੋਂ ਤੱਕ ਕਰਮਚਾਰੀਆਂ ਦੀਆਂ 17 ਮੰਗਾਂ ਮੰਨੇ ਜਾਣ ਬਾਰੇ ਵਿਸ਼ਵਾਸ਼ ਨਹੀਂ ਮਿਲਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਇਥੇ ਅੱਜ ਨਗਰ ਕੌਂਸਲ ਦਫਤਰ ਅੱਗੇ ਸਫਾਈ ਸੇਵਕ ਯੂਨੀਅਨ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਧਰਨਾਕਾਰੀ ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਧਰਨਾ ਦੇਣ ਲਈ ਦ੍ਰਿੜ ਹਨ। ਸਫਾਈ ਸੇਵਕਾਂ ਦੀ ਹੜਤਾਲ ਕਰਕੇ ਐੱਸਡੀਐੱਮ ਦਫ਼ਤਰ ਅੱਗਲੇ ਸੀਵਰੇਜ ਨਾਲੇ ‘ਚ ਗੰਦੀ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਅਤੇ ਕਈ ਥਾਂ ਗੰਦਗੀ ਦੇ ਢੇਰ ਨਜ਼ਰ ਆਉਣ ਲੱਗੇ ਹਨ। ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸੀਪੀਆਈ ਦੇ ਸੂਬਾ ਮੈਂਬਰ ਤੇ ਏਟਕ ਦੇ ਬਲਾਕ ਪ੍ਰਧਾਨ ਕਾਮਰੇਡ ਮਹਿੰਦਰ ਬਾਗੀ, ਨਿਰਮਲਾ ਦੇਵੀ,ਰਵੀ ਦਾਸ, ਬਾਬੂ ਦਾਸ, ਜ਼ਿਲ੍ਹਾ ਰਾਮ, ਸੁਰੇਸ਼ ਕੁਮਾਰ, ਰਾਮ ਨਿਵਾਸ, ਰਜਿੰਦਰੋ ਕੌਰ, ਮਾਲਕਾ ਦੇਵੀ ਨੇ ਨਾਅਰੇਬਾਜ਼ੀ ਕੀਤੀ।