ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 15 ਮਈ
ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਨੂੰ ਕਰੀਬ 7 ਲੱਖ ਦੀ ਲਾਗਤ ਵਾਲੇ 10 ਆਕਸੀਜਨ ਕੰਸਨਟਰੇਟਰ ਸੌਂਪਣ ਉਪਰੰਤ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਵਿਚ ਆਕਸੀਜਨ ਅਤੇ ਵੈਂਟੀਲੇਟਰ ਦੀ ਕੋਈ ਦਿੱਕਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਇੰਡਸ ਹਸਪਤਾਲ ਪੀਰਜੈਨ ਜੋ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਆਧਾਰ ‘ਤੇ ਚਲਾਇਆ ਜਾ ਰਿਹਾ ਹੈ, ਕੋਲ ਪਹਿਲਾਂ 2 ਵੈਂਟੀਲੇਟਰ ਹਨ ਅਤੇ ਹੁਣ 3 ਹੋਰ ਫ਼ਰੀ ਸੇਵਾ ਤਹਿਤ ਮੁਹੱਈਆ ਕਰਵਾਏ ਗਏ ਹਨ। ਸਿਵਲ ਹਸਪਤਾਲ ਕੋਲ ਮੌਜੂਦ 2 ਐਂਬੂਲੈਂਸਾਂ ਵਿਚ ਵੀ ਵੈਂਟੀਲੇਟਰ ਹਨ, ਜੇ ਕਿਸੇ ਮਰੀਜ਼ ਨੂੰ ਵੈਂਟੀਲੇਟਰ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਐਂਬੂਲੈਂਸ ਜ਼ਰੀਏ ਫੌਰੀ ਸਹੂਲਤ ਵਾਲੀ ਸਿਹਤ ਸੰਸਥਾ ਵਿੱਚ ਲਿਜਾਇਆ ਜਾ ਸਕਦਾ ਹੈ। ਇਸ ਮੌਕੇ ਐੱਸਐੱਮਓ ਡਾ. ਕੁਲਦੀਪ ਸਿੰਘ ਹਾਜ਼ਰ ਸਨ।
ਕੋਟਲਾ ਤੇ ਸਿਰਾਜ ਮਾਜਰਾ ਨੂੰ ਸੈਨੇਟਾਈਜ਼ਰ ਕੀਤਾ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਕਰੋਨਾ ਦੇ ਪ੍ਰਕੋਪ ਨੂੰ ਦੇਖਦਿਆਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਪਿੰਡਾਂ ਵਿਚ ਸੈਨੇਟਾਈਜ਼ਰ ਕਰਵਾਇਆ ਜਾ ਰਿਹਾ ਹੈ, ਜਿਸ ਕੜੀ ਅਧੀਨ ਅੱਜ ਪਿੰਡ ਕੋਟਲਾ ਅਤੇ ਸਿਰਾਜ ਮਾਜਰਾ ਵਿਖੇ ਵੀ ਸੈਨੇਟਾਈਜ਼ਰ ਕੀਤਾ ਗਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਕੋਟਲਾ, ਹਰਮਿੰਦਰ ਸਿੰਘ ਸਿਰਾਜ ਮਾਜਰਾ, ਲਵਪ੍ਰੀਤ ਸਿੰਘ ਲਾਡੀ, ਪਰਮਵੀਰ ਸਿੰਘ ਅਤੇ ਮਨਜੀਤ ਸਿੰਘ ਭਾਦਲਾ ਹਾਜ਼ਰ ਸਨ।
‘ਆਪ’ ਨੇ ਸੈਨੇਟਾਈਜ਼ ਕਰਨ ਦੀ ਮੁਹਿੰਮ ਚਲਾਈ
ਲਾਲੜੂ (ਪੱਤਰ ਪ੍ਰੇਰਕ): ਕਰੋਨਾ ਤੋਂ ਬਚਾਓ ਲਈ ਆਮ ਆਦਮੀ ਪਾਰਟੀ ਵਲੋਂ ਹਲਕਾ ਡੇਰਾਬਸੀ ਵਿੱਚ ਸੈਨਾਟਾਈਜ਼ਨ ਅਭਿਆਨ ਚਲਾਇਆ ਗਿਆ, ਜਿਸ ਦੇ ਤਹਿਤ ਲਾਲੜੂ ਸਮੇਤ ਦਰਜਨਾ ਪਿੰਡਾਂ ਵਿੱਚ ਪਾਰਟੀ ਦੇ ਵਰਕਰਾਂ ਵਲੋਂ ਘਰ ਘਰ ਜਾ ਕੇ ਲੋਕਾਂ ਦੇ ਘਰਾਂ ਅਤੇ ਜਨਤਕ ਥਾਵਾਂ ਨੂੰ ਸੈਨਾਟਾਈਜ਼ ਕੀਤਾ। ‘ਆਪ’ ਆਗੂ ਸਵੀਟੀ ਸਰਮਾ, ਸੁਭਾਸ ਸਰਮਾ, ਵਿਕਾਸ ਸੈਣੀ, ਸਤਵੰਤ ਸਿੰਘ ਗੋਰਖਾ ਨੇ ਦੱਸਿਆ ਕਿ ਲਾਲੜੂ ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਕਰੋਨਾ ਤੋਂ ਬਚਣ ਲਈ ਸੁਝਾਅ ਦਿੱਤੇ, ਵੈਕਸੀਨੇਸ਼ਨ ਲਈ ਵੀ ਉਨ੍ਹਾਂ ਨੂੰ ਪ੍ਰੇਰੀਤ ਕੀਤਾ ਅਤੇ ਲੋਕਾਂ ਦੇ ਘਰਾਂ , ਗਲੀਆਂ , ਮੁਹੱਲਿਆਂ ਅਤੇ ਵਾਰਡਾਂ ਵਿੱਚ ਜਾ ਕੇ ਜਨਤਕ ਥਾਵਾਂ ਤੇ ਨਿੱਜੀ ਘਰਾਂ ਨੂੰ ਦਵਾਈ ਨਾਲ ਸੈਨਾਟਾਈਜ਼ ਕੀਤਾ।