ਚੱਕਰਵਾਤੀ ਤੂਫ਼ਾਨ: ਕਰਨਾਟਕ ਵਿੱਚ ਚਾਰ ਮੌਤਾਂ

ਚੱਕਰਵਾਤੀ ਤੂਫ਼ਾਨ: ਕਰਨਾਟਕ ਵਿੱਚ ਚਾਰ ਮੌਤਾਂ


ਮੁੱਖ ਅੰਸ਼

  • ਕਈ ਰਾਜਾਂ ਵਿਚ ਜਨ-ਜੀਵਨ ਪ੍ਰਭਾਵਿਤ ਤੇ ਮਾਲੀ ਨੁਕਸਾਨ
  • ਮਹਾਰਾਸ਼ਟਰ ਦੇ ਕਈ ਖੇਤਰਾਂ ਿਵੱਚ ਅੱਜ ਜ਼ੋਰਦਾਰ ਮੀਂਹ ਦੀ ਪੇਸ਼ੀਨਗੋਈ

ਬੰਗਲੁਰੂ/ਮੁੰਬਈ/ਕੋਚੀ/ਪਣਜੀ, 16 ਮਈ

ਚੱਕਰਵਾਤੀ ਤੂਫ਼ਾਨ ‘ਤੌਕਤੇ’ ਕਾਰਨ ਚੱਲ ਰਹੀ ਤੇਜ਼ ਹਵਾ ਤੇ ਜ਼ੋਰਦਾਰ ਮੀਂਹ ਕਾਰਨ ਵਾਪਰੇ ਹਾਦਸਿਆਂ ਵਿਚ ਕਰਨਾਟਕ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਤੂਫ਼ਾਨ ਕੇਰਲਾ, ਕਰਨਾਟਕ ਤੇ ਗੋਆ ਦੇ ਤੱਟੀ ਖੇਤਰਾਂ ਨਾਲ ਖਹਿੰਦਾ ਹੋਇਆ ਅੱਜ ਗੁਜਰਾਤ ਤੱਟ ਵੱਲ ਵੱਧ ਗਿਆ ਹੈ। ਮੌਸਮ ਵਿਭਾਗ ਮੁਤਾਬਕ ਤੂਫ਼ਾਨ ਹੋਰ ਖ਼ਤਰਨਾਕ ਰੂਪ ਅਖ਼ਤਿਆਰ ਕਰ ਸਕਦਾ ਹੈ ਤੇ ਸੋਮਵਾਰ ਸ਼ਾਮ ਤੱਕ ਗੁਜਰਾਤ ਤੱਟ ਨਾਲ ਟਕਰਾਏਗਾ। ਗੁਜਰਾਤ ਵਿਚ 1.5 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਚਾਅ ਤੇ ਰਾਹਤ ਟੀਮਾਂ ਨੂੰ ਤੱਟੀ ਖੇਤਰਾਂ ਵਿਚ ਤਾਇਨਾਤ ਕੀਤਾ ਗਿਆ ਹੈ। ਕੇਰਲਾ ਵਿਚ ਭਰਵੇਂ ਮੀਂਹ ਕਾਰਨ ਡੈਮਾਂ ਵਿਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ ਤੇ ਚਿਤਾਵਨੀ ਜਾਰੀ ਕੀਤੀ ਗਈ ਹੈ। ਕਰਨਾਟਕ ਵਿਚ ਵੱਖ-ਵੱਖ ਹਾਦਸੇ ਉੱਤਰ ਕੰਨੜਾ, ਉਡੁਪੀ, ਚਿੱਕਮਗਲੂਰੂ ਤੇ ਸ਼ਿਵਮੋਗਾ ਜ਼ਿਲ੍ਹਿਆਂ ਵਿਚ ਵਾਪਰੇ ਹਨ। ਕਰਨਾਟਕ ਦੇ ਕੁਦਰਤੀ ਆਫ਼ਤਾਂ ਬਾਰੇ ਨਿਗਰਾਨੀ ਕੇਂਦਰ ਮੁਤਾਬਕ ਉੱਤਰ ਕੰਨੜਾ ਜ਼ਿਲ੍ਹੇ ਵਿਚ ਇਕ ਮਛੇਰੇ ਦੀ ਮੌਤ ਹੋਈ ਹੈ। ਦੂਜੀ ਘਟਨਾ ਵਿਚ ਇਕ ਕਿਸਾਨ ਦੀ ਖੇਤਾਂ ਵਿਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਤੇਜ਼ ਹਵਾ ਕਾਰਨ ਤਾਰ ਟੁੱਟ ਕੇ ਖੇਤਾਂ ਵਿਚ ਡਿਗ ਗਈ ਸੀ। ਇਕ ਹੋਰ ਘਟਨਾ ਵਿਚ ਘਰ ਦੀ ਛੱਤ ਡਿਗਣ ਨਾਲ ਇਕ ਵਿਅਕਤੀ ਮਾਰਿਆ ਗਿਆ ਹੈ। ਸ਼ਿਵਮੋਗਾ ਜ਼ਿਲ੍ਹੇ ਵਿਚ ਇਕ ਵਿਅਕਤੀ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ।

ਪਣਜੀ ਦੇ ਹਸਪਤਾਲ ਨੇੜੇ ਐਤਵਾਰ ਨੂੰ ਸੜਕ ‘ਤੇ ਿਡੱਗੇ ਦਰੱਖ਼ਤ ਨੂੰ ਹਟਾਉਂਦੀ ਹੋਈ ਐੱਨਡੀਆਰਐੱਫ ਦੀ ਟੀਮ। -ਫੋਟੋ: ਪੀਟੀਆਈ

ਮੌਸਮ ਵਿਭਾਗ ਮੁਤਾਬਕ ਤੂਫ਼ਾਨ ਹਾਲਾਂਕਿ ਤੱਟ ਤੋਂ ਦੱਖਣ-ਪੱਛਮ ਵੱਲ 120 ਕਿਲੋਮੀਟਰ ਦੂਰ ਅਰਬ ਸਾਗਰ ਉਤੇ ਸਰਗਰਮ ਸੀ ਤੇ ਐਤਵਾਰ ਦੁਪਹਿਰ ਨੂੰ ਉੱਤਰ-ਪੱਛਮ ਦਿਸ਼ਾ ਵਿਚ ਗੋਆ, ਮਹਾਰਾਸ਼ਟਰ, ਗੁਜਰਾਤ ਵੱਲ ਵੱਧ ਰਿਹਾ ਸੀ ਪਰ ਇਸ ਕਾਰਨ ਕਰਨਾਟਕ ਦੇ ਤੱਟੀ ਖੇਤਰਾਂ ਵਿਚ ਜ਼ੋਰਦਾਰ ਬਾਰਿਸ਼ ਹੋਈ ਤੇ ਤੇਜ਼ ਹਵਾਵਾਂ ਚੱਲੀਆਂ। ਜ਼ਿਲ੍ਹਿਆਂ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਦੱਖਣੀ ਕੰਨੜਾ ਜ਼ਿਲ੍ਹੇ ਵਿਚ 120 ਘਰਾਂ ਨੂੰ ਨੁਕਸਾਨ ਪੁੱਜਾ ਹੈ। ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਲਿਜਾਇਆ ਜਾ ਰਿਹਾ ਹੈ। ਚੱਕਰਵਾਤੀ ਤੂਫ਼ਾਨ ਕਾਰਨ ਗੋਆ ਵਿਚ ਵੀ ਦੋ ਮੌਤਾਂ ਹੋਈਆਂ ਹਨ। ਇਕ ਮ੍ਰਿਤਕ ਦੀ ਸ਼ਨਾਖ਼ਤ ਸ਼ੀਤਲ ਪਾਟਿਲ (34) ਵਜੋਂ ਹੋਈ ਤੇ ਅੰਜੁਨਾ ਬੀਚ ਪਿੰਡ ‘ਤੇ ਇਕ ਨਾਰੀਅਲ ਦਾ ਦਰੱਖ਼ਤ ਟੁੱਟ ਕੇ ਉਸ ਉਤੇ ਡਿੱਗ ਗਿਆ। ‘ਤੌਕਤੇ’ ਕਾਰਨ ਗੋਆ ਵਿਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੂਰੇ ਸੂਬੇ ਵਿਚ ਕਾਫ਼ੀ ਨੁਕਸਾਨ ਹੋਣ ਦੀ ਸੂੁਚਨਾ ਹੈ। ਤੇਜ਼ ਹਵਾਵਾਂ ਤੇ ਮੀਂਹ ਕਾਰਨ ਕਈ ਘੰਟਿਆਂ ਲਈ ਰਾਜ ਵਿਚ ਬਿਜਲੀ ਸਪਲਾਈ ਵੀ ਕੱਟੀ ਗਈ। ਗੋਆ ਵਿਚ ਕਈ ਥਾਈਂ ਸੜਕਾਂ ਵੀ ਦਰੱਖਤ ਤੇ ਖੰਭੇ ਟੁੱਟਣ ਕਾਰਨ ਬੰਦ ਹੋ ਗਈਆਂ ਹਨ। ਹੰਗਾਮੀ ਸੇਵਾਵਾਂ ਅਥਾਰਿਟੀ ਵੱਲੋਂ ਮਾਰਗ ਖੋਲ੍ਹਣ ਲਈ ਯਤਨ ਕੀਤੇ ਜਾ ਰਹੇ ਹਨ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਤੂਫ਼ਾਨ ਗੋਆ ਵਿਚ 17 ਮਈ ਤੱਕ ਬਣਿਆ ਰਹੇਗਾ ਤੇ 100-175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ 17 ਮਈ ਨੂੰ ਮਹਾਰਾਸ਼ਟਰ ਦੇ ਉੱਤਰੀ ਕੋਂਕਣ, ਮੁੰਬਈ, ਠਾਣੇ ਤੇ ਪਾਲਘਰ ਵਿਚ ਕਾਫ਼ੀ ਜ਼ਿਆਦਾ ਮੀਂਹ ਪੈ ਸਕਦਾ ਹੈ। ਭਲਕੇ ਰਾਇਗੜ੍ਹ ਵਿਚ ਵੀ ਜ਼ੋਰਦਾਰ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੁੰਬਈ ਲਈ ਸਿੱਧੇ ਤੌਰ ਉਤੇ ਕੋਈ ਖ਼ਤਰਾ ਹੋਣ ਤੋਂ ਮੌਸਮ ਵਿਭਾਗ ਨੇ ਇਨਕਾਰ ਕੀਤਾ ਹੈ। ਹਾਲਾਂਕਿ ਤੂਫ਼ਾਨ ਮੁੰਬਈ ਤੱਟ ਨਾਲ ਲੱਗਦੇ ਸਮੁੰਦਰੀ ਖੇਤਰ ਵਿਚ ਹੋ ਕੇ ਗੁਜ਼ਰੇਗਾ।

-ਪੀਟੀਆਈ/ਆਈਏਐਨਐੱਸ



Source link