ਮੀਡੀਆ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ’ਤੇ ਇਜ਼ਰਾਈਲ ਦੀ ਨਿਖੇਧੀ

ਮੀਡੀਆ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ’ਤੇ ਇਜ਼ਰਾਈਲ ਦੀ ਨਿਖੇਧੀ


ਨਵੀਂ ਦਿੱਲੀ, 16 ਮਈ

‘ਐਡੀਟਰਜ਼ ਗਿਲਡ ਆਫ਼ ਇੰਡੀਆ’ ਸਣੇ ਕਈ ਭਾਰਤੀ ਮੀਡੀਆ ਸੰਗਠਨਾਂ ਨੇ ਇਜ਼ਰਾਈਲ ਵੱਲੋਂ ਗਾਜ਼ਾ ਵਿਚ ਖਬਰ ਏਜੰਸੀ ‘ਏਪੀ’ ਤੇ ਅਲ ਜਜ਼ੀਰਾ ਦੇ ਦਫ਼ਤਰਾਂ ਨੂੰ ਹਵਾਈ ਹਮਲਿਆਂ ਵਿਚ ਨਿਸ਼ਾਨਾ ਬਣਾਏ ਜਾਣ ਦੀ ਨਿਖੇਧੀ ਕੀਤੀ ਹੈ। ਜਿਸ ਇਮਾਰਤ ‘ਤੇ ਹਮਲਾ ਕੀਤਾ ਗਿਆ ਉੱਥੇ ਐਸੋਸੀਏਟਿਡ ਪ੍ਰੈੱਸ, ਅਲ ਜਜ਼ੀਰਾ ਤੇ ਕਈ ਹੋਰ ਮੀਡੀਆ ਸੰਗਠਨਾਂ ਦੇ ਦਫ਼ਤਰ ਸਨ। ਗਿਲਡ ਨੇ ਬਿਆਨ ਵਿਚ ਕਿਹਾ ਹੈ ਕਿ ਇਸ ਖੇਤਰ ਦੇ ਪਿਛੋਕੜ ਨੂੰ ਦੇਖਦਿਆਂ ਇਹ ਹਮਲਾ ਮੀਡੀਆ ਸੰਗਠਨਾਂ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲ ਵੱਲੋਂ ‘ਤੈਅ ਕਰ ਕੇ ਕੀਤਾ ਗਿਆ ਲੱਗਦਾ ਹੈ’ ਜੋ ਕਿ ਇਸ ਬੇਹੱਦ ਸੰਵੇਦਨਸ਼ੀਲ ਖੇਤਰ ਵਿਚੋਂ ਖ਼ਬਰਾਂ ਨੂੰ ਫੈਲਣ ਤੋਂ ਰੋਕ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ‘ਤੇ ਆਲਮੀ ਪੱਧਰ ‘ਤੇ ਸੁਰੱਖਿਆ ਲਈ ਵੱਡਾ ਖ਼ਤਰਾ ਖੜ੍ਹਾ ਹੋ ਸਕਦਾ ਹੈ। ਸੰਗਠਨ ਨੇ ਮੰਗ ਕੀਤੀ ਹੈ ਕਿ ਇਜ਼ਰਾਈਲ ਸਰਕਾਰ ਇਸ ਹਮਲੇ ਲਈ ਫ਼ੈਸਲਾ ਲੈਣ ਬਾਰੇ ਸਪੱਸ਼ਟੀਕਰਨ ਦੇਵੇ ਤੇ ਨਾਲ ਹੀ ‘ਹਮਲਾ ਕਰਨ ਦੇ ਕਾਰਨਾਂ ਦੇ ਸਬੂਤ’ ਵੀ ਦਿਖਾਏ ਜਾਣ। ਗਿਲਡ ਨੇ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਵਿਚ ਹਮਲੇ ਦੀ ਜਾਂਚ ਦੀ ਮੰਗ ਵੀ ਕੀਤੀ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਕਿਹਾ ਕਿ ਇਹ ਮੁੱਦਾ ਇਜ਼ਰਾਈਲ ਸਰਕਾਰ ਕੋਲ ਉਠਾਇਆ ਜਾਵੇ ਤੇ ਜਾਂਚ ਦੀ ਮੰਗ ਕੀਤੀ ਜਾਵੇ। ‘ਇੰਡੀਅਨ ਵਿਮੈਨ ਪ੍ਰੈੱਸ ਕੋਰ’, ਪ੍ਰੈੱਸ ਐਸੋਸੀਏਸ਼ਨ ਤੇ ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਵੀ ਹਮਲਿਆਂ ਦੀ ਨਿਖੇਧੀ ਕੀਤੀ ਹੈ। -ਪੀਟੀਆਈ



Source link