ਭਾਜਪਾ ਤੇ ਕੇਂਦਰ ਨੂੰ ਆਪਣੀ ਸਾਖ ਦੀ ਚਿੰਤਾ, ਬੱਚਿਆਂ ਦੀ ਪ੍ਰਵਾਹ ਨਹੀਂ: ਸਿਸੋਦੀਆ

ਭਾਜਪਾ ਤੇ ਕੇਂਦਰ ਨੂੰ ਆਪਣੀ ਸਾਖ ਦੀ ਚਿੰਤਾ, ਬੱਚਿਆਂ ਦੀ ਪ੍ਰਵਾਹ ਨਹੀਂ: ਸਿਸੋਦੀਆ


ਨਵੀਂ ਦਿੱਲੀ, 19 ਮਈ

‘ਆਪ’ ਨੇਤਾ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਿੰਗਾਪੁਰ ਤੋਂ ਉਡਾਣਾਂ ਰੋਕਣ ਲਈ ਕੀਤੀ ਟਿੱਪਣੀ ‘ਤੇ ਉਨ੍ਹਾਂ ਦੀ ਹਮਾਇਤ ਕੀਤੀ ਅਤੇ ਦੋਸ਼ ਲਾਇਆ ਭਾਜਪਾ ਨੇਤਾ ਇਸ ਮੁੱਦੇ ‘ਤੇ ‘ਸਸਤੀ ਸਿਆਸਤ’ ਕਰ ਰਹੇ ਹਨ। ਸ੍ਰੀ ਕੇਜਰੀਵਾਲ ਨੇ ਸਿੰਗਾਪੁਰ ਵਿਚਲੇ ਕਰੋਨਾ ਦੇ ਨਵੇਂ ਸਟਰੇਨ ਨੂੰ ਬੱਚਿਆਂ ਲਈ ‘ਬੇਹੱਦ ਖ਼ਤਰਨਾਕ ਕਰਾਰ ਦਿੱਤਾ ਸੀ। ਸ੍ਰੀ ਸਿਸੋਦੀਆ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ‘ਚ ਕਥਿਤ ਦੋਸ਼ ਲਾਇਆ ਕਿ ਭਾਜਪਾ ਨੇਤਾਵਾਂ ਤੇ ਕੇਂਦਰ ਦੇ ਬਿਆਨਾਂ ਅਤੇ ਪ੍ਰਤੀਕਿਰਿਆਵਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਸਿਰਫ਼ ਸਿੰਗਾਪੁਰ ‘ਚ ਆਪਣੀ ‘ਸਾਖ’ ਦੀ ਚਿੰਤਾ ਹੈ, ਭਾਰਤ ਵਿੱਚ ਬੱਚਿਆਂ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। ਉਨ੍ਹਾਂ ਕਿਹਾ, ‘ਕੇਜਰੀਵਾਲ ਸਿੰਗਾਪੁਰ ਸਟਰੇਨ ਅਤੇ ਬੱਚਿਆਂ ਦੀ ਗੱਲ ਕਰ ਰਹੇ ਸਨ। ਮੁੱਦਾ ਸਿੰਗਾਪੁਰ ਦਾ ਨਹੀਂ, ਬੱਚਿਆਂ ਹੈ।’ ਸ੍ਰੀ ਸਿਸੋਦੀਆਂ ਨੇ ਇਹ ਕਥਿਤ ਦੋਸ਼ ਵੀ ਲਾਇਆ ਕਿ ਕੇਂਦਰ ਸਰਕਾਰ ਉਦੋਂ ਕਾਰਵਾਈ ਕਰਨ ‘ਚ ਫੇਲ੍ਹ ਸਾਬਤ ਹੋਈ ਜਦੋਂ ਵਿਗਿਆਨੀਆਂ ਤੇ ਡਾਕਟਰਾਂ ਨੇ ‘ਲੰਡਨ ਸਟਰੇਨ’ ਦੇ ਬਾਰੇ ਚਿਤਾਵਨੀ ਦਿੱਤੀ ਸੀ, ਜਿਸ ਕਾਰਨ ਹੁਣ ਭਾਰਤ ‘ਚ ਵੱਡੇ ਪੱਧਰ ‘ਤੇ ਮੌਤਾਂ ਹੋ ਰਹੀਆਂ ਹਨ।

ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਬੱਚਿਆਂ ਨੂੰ ਕਰੋਨਾ ਲਾਗ ਦੀ ਤੀਜੀ ਲਹਿਰ ਤੋਂ ਬਚਾਉਣ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਅਧਿਕਾਰੀਆਂ ਨਾਲ ਇੱਕ ਮੀਟਿੰਗ ‘ਚ ਲਿਆ ਗਿਆ ਸੀ। ਸ੍ਰੀ ਕੇਜਰੀਵਾਲ ਨੇ ਟਵੀਟ ਕੀਤਾ, ‘ਜੇਕਰ ਕਰੋਨਾ ਦੀ ਤੀਜੀ ਲਹਿਰ ਆਉਂਦੀ ਹੈ ਤਾਂ ਸਾਨੂੰ ਇਸ ਦੇ ਟਾਕਰੇ ਲਈ ਤਿਆਰ ਰਹਿਣਾ ਪਵੇਗਾ। ਅੱਜ ਕੁਝ ਅਹਿਮ ਫ਼ੈਸਲੇ ਲਏ ਗਏ ਹਨ। ਬੱਚਿਆਂ ਨੂੰ ਤੀਜੀ ਲਹਿਰ ਤੋਂ ਬਚਾਉਣ, ਪਿਛਲੀ ਵਾਰ ਦੇ ਮੁਕਾਬਲੇ ਢੁੱਕਵੀਂ ਗਿਣਤੀ ‘ਚ ਬੈੱਡਾਂ ਦੇ ਪ੍ਰਬੰਧਨ, ਆਕਸੀਜਨ ਅਤੇ ਜ਼ਰੂਰੀ ਦਵਾਈਆਂ ਦੇ ਪ੍ਰਬੰਧਨ ਲਈ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ।’ -ਏਜੰਸੀ



Source link