ਇੰਦੌਰ, 19 ਮਈ
ਮੱਧ ਪ੍ਰਦੇਸ਼ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਚੂਹਿਆਂ ਨੇ ਨਵਜੰਮੇ ਬੱਚੇ ਦਾ ਪੈਰ ਕੁਤਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹਸਪਤਾਲ ਦੀ ਨਰਸ ਅਤੇ ਸਫ਼ਾਈ ਤੇ ਸੁਰੱਖਿਆ ਫਰਮ ਦੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੁਪਰਡੈਂਟ (ਸਹੂਲਤਾਂ) ਡਾ. ਪ੍ਰਮਿੰਦਰ ਠਾਕੁਰ ਨੇ ਦੱਸਿਆ ਕਿ ਇਹ ਘਟਨਾ ਮਹਾਰਾਜਾ ਯਸ਼ਵੰਤਰੋ (ਐੱਮਵਾਈ) ਹਸਪਤਾਲ ਦੇ ਨਰਸਰੀ ਕੇਅਰ ਯੂਨਿਟ ਵਿੱਚ ਵਾਪਰੀ। ਹਾਲਾਂਕਿ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 23 ਦਿਨਾਂ ਦੇ ਬੱਚੇ ਨੂੰ ਇੱਕ ਪੰਘੂੜੇ ਵਿੱਚ ਰੱਖਿਆ ਗਿਆ ਸੀ, ਜਿੱਥੇ ਚੂਹਿਆਂ ਨੇ ਉਸ ਦਾ ਪੈਰ ਕੁਤਰ ਦਿੱਤਾ। ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਵੱਲੋਂ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਹਾਲਤ ਹੁਣ ਸਥਿਰ ਹੈ। ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਗਿਆ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਡਾ. ਠਾਕੁਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਅਤੇ ਫਰਮ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।