ਨਵੀਂ ਦਿੱਲੀ, 21 ਮਈ
ਭਾਜਪਾ ਵੱਲੋਂ ਜਿਸ ‘ਟੂਲਕਿੱਟ’ ਲਈ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਟਵਿੱਟਰ ਨੇ ਉਸ ਨਾਲ ‘ਮੈਨੀਪੁਲੇਟਡ ਮੀਡੀਆ’ ਦਾ ਟੈਗ ਜੋੜ ਦਿੱਤਾ ਹੈ। ਟਵਿੱਟਰ ਨੇ ਟੂਲਕਿੱਟ ਨਾਲ ਜੁੜੇ ਇਨ੍ਹਾਂ ਟਵੀਟਾਂ ਨੂੰ ‘ਹੇਰ-ਫੇਰ’ ਦੇ ਵਰਗ ਵਿਚ ਰੱਖ ਦਿੱਤਾ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਟਵਿੱਟਰ ਦੇ ਇਸ ਕਦਮ ‘ਤੇ ਇਤਰਾਜ਼ ਜਤਾਇਆ ਹੈ। ਦੱਸਣਯੋਗ ਹੈ ਕਿ ਭਾਜਪਾ ਨੇ ਕਾਂਗਰਸ ‘ਤੇ ਦੋਸ਼ ਲਾਇਆ ਸੀ ਕਿ ਪਾਰਟੀ ਨੇ ਟੂਲਕਿੱਟ ਤਿਆਰ ਕੀਤੀ ਹੈ ਜਿਸ ਵਿਚ ਕਰੋਨਾ ਨਾਲ ਨਜਿੱਠਣ ਦੇ ਮਾਮਲੇ ‘ਚ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਭਾਜਪਾ ਨੇ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਦੀਆਂ ਕੋਵਿਡ ਸਬੰਧੀ ਕੋਸ਼ਿਸ਼ਾਂ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੀ ਹੈ। ਸਰਕਾਰ ਨੇ ਟਵਿੱਟਰ ਨੂੰ ਕਿਹਾ ਹੈ ਕਿ ਇਸ ਟੈਗ ਨੂੰ ਹਟਾ ਲਿਆ ਜਾਵੇ ਕਿਉਂਕਿ ਮਾਮਲਾ ਜਾਂਚ ਅਧੀਨ ਹੈ। ਜ਼ਿਕਰਯੋਗ ਹੈ ਕਿ ‘ਟੂਲਕਿੱਟ’ ਬਾਰੇ ਇਹ ਟਵੀਟ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕੀਤੇ ਸਨ।-ਪੀਟੀਆਈ