ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਮਈ
ਪੰਜਾਬ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਬਲੈਕ ਫੰਗਸ ਦੇ ਇਲਾਜ ਲਈ ਲੋੜੀਂਦੀ ਡਰੱਗ ਦੀਆਂ 30 ਹਜ਼ਾਰ ਵਾਇਲਾਂ ਦਾ ਆਰਡਰ ਦਿੱਤਾ ਹੈ। ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਜਸਟਿਸ ਰਾਜਨ ਗੁਪਤਾ ਤੇ ਜਸਟਿਸ ਕਰਮਜੀਤ ਸਿੰਘ ਦੀ ਸ਼ਮੂਲੀਅਤ ਵਾਲੇ ਬੈਂਚ ਨੂੰ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਿਯਤ ਸਮੇਂ ਨਾਲ ਆਰਡਰ ਦਿੱਤੇ ਜਾਣਗੇ। ਉਧਰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਸੀਨੀਅਰ ਸਟੈਂਡਿੰਗ ਕੌਂਸਲ ਪੰਕਜ ਜੈਨ ਨੇ ਬੈਂਚ ਨੂੰ ਦੱਸਿਆ ਕਿ ਬਲੈਕ ਫੰਗਸ ਦੇ ਟਾਕਰੇ ਲਈ 5000 ਵਾਇਲਾਂ ਦਾ ਆਰਡਰ ਦਿੱਤਾ ਗਿਆ ਹੈ। ਚੇਤੇ ਰਹੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਪਰੋਕਤ ਬੈਂਚ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਅਪੀਲ ਕੀਤੀ ਸੀ ਕਿ ਬਲੈਕ ਫੰਗਸ ਨੂੰ ਫੈਲਣ ਤੋਂ ਰੋਕਣ ਲਈ ਦਵਾਈ ਤੋਂ ਇਲਾਵਾ ਇਹਤਿਆਤੀ ਕਦਮ ਵੀ ਚੁੱਕੇ ਜਾਣ।