ਕਰੋਨਾ ਦੀ ਦੂਜੀ ਲਹਿਰ ਭਾਰਤ ’ਚ ਆਉਣ ਵਾਲੇ ਮਾੜੇ ਸੰਕਟ ਦਾ ਸੰਕੇਤ: ਆਈਐੱਮਐੱਫ

ਕਰੋਨਾ ਦੀ ਦੂਜੀ ਲਹਿਰ ਭਾਰਤ ’ਚ ਆਉਣ ਵਾਲੇ ਮਾੜੇ ਸੰਕਟ ਦਾ ਸੰਕੇਤ: ਆਈਐੱਮਐੱਫ


ਵਾਸ਼ਿੰਗਟਨ, 22 ਮਈਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਭਾਰਤ ਵਿੱਚ ਕੋਵਿਡ-19 ਦੀ ‘ਵਿਨਾਸ਼ਕਾਰੀ’ ਦੂਜੀ ਲਹਿਰ ਨੂੰ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਬੁਰੇ ਸੰਕਟ ਦਾ ਇਸ਼ਾਰਾ ਦੱਸਿਆ ਹੈ। ਆਈਐੱਮਐੱਫ ਨੇ ਕਿਹਾ ਕਿ ਭਾਰਤ ਦੇ ਹਾਲਾਤ ਉਨ੍ਹਾਂ ਗਰੀਬ ਤੇ ਮੱਧ ਆਮਦਨ ਵਾਲੇ ਦੇਸ਼ਾਂ ਲਈ ਚੇਤਾਵਨੀ ਹੈ, ਜੋ ਅਜੇ ਤੱਕ ਮਹਾਮਾਰੀ ਤੋਂ ਬਚੇ ਹੋਏ ਹਨ। ਆਈਐੱਮਐੱਫ ਦੇ ਅਰਥਸ਼ਾਸਤਰੀ ਰੁਚਿਰ ਅਗਰਵਾਲ ਤੇ ਸੰਸਥਾ ਦੀ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਉਪਰੋਕਤ ਦਾਅਵਾ ਆਪਣੀ ਇਕ ਰਿਪੋਰਟ ਵਿੱਚ ਕੀਤਾ ਹੈ। ਰਿਪੋਰਟ ਮੁਤਾਬਕ ਮੌਜੂਦਾ ਰਫ਼ਤਾਰ ਨਾਲ ਭਾਰਤ ਵਿੱਚ 2021 ਦੇ ਆਖਿਰ ਤੱਕ 35 ਫੀਸਦ ਤੋਂ ਘੱਟ ਲੋਕਾਂ ਨੂੰ ਹੀ ਟੀਕਾ ਲੱਗਣ ਦੇ ਆਸਾਰ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬ੍ਰਾਜ਼ੀਲ ਮਗਰੋਂ ਕੋਵਿਡ-19 ਦੀ ਭਾਰਤ ਵਿੱਚ ਜਾਰੀ ਦੂਜੀ ਲਹਿਰ ਇਸ ਗੱਲ ਦਾ ਸੰਕੇਤ ਹੈ ਕਿ ਵਿਕਾਸਸ਼ੀਲ ਮੁਲਕਾਂ ਵਿੱਚ ਅੱਗੇ ਹੋਰ ਬੁਰੇ ਹਾਲਾਤ ਵੇਖਣ ਨੂੰ ਮਿਲ ਸਕਦੇ ਹਨ। ਰਿਪੋਰਟ ਮੁਤਾਬਕ ਭਾਰਤ ਦਾ ਸਿਹਤ ਢਾਂਚਾ ਕੋਵਿਡ ਦੀ ਪਹਿਲੀ ਲਹਿਰ ਨਾਲ ਨਜਿੱਠਣ ਵਿੱਚ ਕਾਫ਼ੀ ਹੱਦ ਤੱਕ ਸਫ਼ਲ ਰਿਹਾ, ਪਰ ਐਤਕੀਂ ਦੂਜੀ ਲਹਿਰ ਦੌਰਾਨ ਸਿਹਤ ਢਾਂਚੇ ‘ਤੇ ਇੰਨਾ ਬੋਝ ਪਿਆ ਕਿ ਲੋਕ ਆਕਸੀਜਨ ਤੇ ਹੋਰ ਸਿਹਤ ਸਹੂਲਤਾਂ ਦੀ ਕਿੱਲਤ ਕਰਕੇ ਮਰ ਰਹੇ ਹਨ। ਪੀਟੀਆਈ



Source link