ਨਵੀਂ ਦਿੱਲੀ, 22 ਮਈਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਲ 18 ਤੋਂ 44 ਸਾਲ ਉਮਰ ਵਰਗ ਲਈ ਵੈਕਸੀਨ ਦਾ ਭੰਡਾਰ ਮੁੱਕ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਵੈੈਕਸੀਨ ਦੀ ਕਿੱਲਤ ਕਰਕੇ ਦਿੱਲੀ ਵਿੱਚ ਇਸ ਉਮਰ ਵਰਗ ਲਈ ਚਲਦੇ ਕੋਵਿਡ-19 ਟੀਕਾਕਰਨ ਕੇਂਦਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨਾਂ ਦੀ ਘਾਟ ਕਰਕੇ ਐਤਵਾਰ ਤੋਂ ਕੌਮੀ ਰਾਜਧਾਨੀ ਵਿਚਲੇ ਸਾਰੇ ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕੇਂਦਰ ਸਰਕਾਰ ਨੂੰ ਕਰੋਨਾ ਤੋਂ ਬਚਾਅ ਲਈ ਹੋਰ ਟੀਕੇ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਨੌਜਵਾਨਾਂ ਦੇ ਟੀਕਾਕਰਨ ਲਈ 80 ਲੱਖ ਖੁਰਾਕਾਂ ਦੀ ਲੋੜ ਹੈ, ਪਰ ਦਿੱਲੀ ਨੂੰ ਮਈ ਮਹੀਨੇ 16 ਲੱਖ ਖੁਰਾਕਾਂ ਹੀ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਨੂੰ ਜੂਨ ਮਹੀਨੇ ਮਿਲਣ ਵਾਲਾ ਟੀਕਿਆਂ ਦਾ ਕੋਟਾ ਵੀ ਘਟਾ ਕੇ 8 ਲੱਖ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਕੌਮੀ ਰਾਜਧਾਨੀ ਵਿਚਲੇ ਸਾਰੇ ਬਾਲਗਾਂ ਦੇ ਟੀਕਾਕਰਨ ਲਈ ਕਰੀਬ ਢਾਈ ਕਰੋੜ ਖੁਰਾਕਾਂ ਦੀ ਲੋੜ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦਿੱਲੀ ਦਾ ਕੋਟਾ ਤੇ ਸਪਲਾਈ ਵਧਾਈ ਜਾਵੇ। -ਪੀਟੀਆਈ