ਨਵੀਂ ਦਿੱਲੀ, 24 ਮਈ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਤੋਂ ਬਚਾਅ ਲਈ ਚਲਾਈ ਟੀਕਾਕਰਨ ਮੁਹਿੰਮ ਦਾ ਮਜ਼ਾਕ ਨਾ ਬਣਾਏ ਤੇ ਟੀਕਿਆਂ ਦੀ ਕਿੱਲਤ ਦੇ ਮੱਦੇਨਜ਼ਰ ‘ਮੌਡਰਨਾ’ ਤੇ ‘ਫਾਈਜ਼ਰ’ ਦੇ ਟੀਕਿਆਂ ਨੂੰ ਫੌਰੀ ਜ਼ਰੂਰੀ ਪ੍ਰਵਾਨਗੀ ਦੇਵੇ। ਕੋਵਿਡ ਟੀਕਾਕਰਨ ਲਈ ਕੇਂਦਰ ‘ਤੇ ਨਿਸ਼ਾਨਾ ਸੇਧਦਿਆਂ ਸਿਸੋਦੀਆ ਨੇ ਕਿਹਾ ਕਿ ਵੈਕਸੀਨ ਦੀ ਕਿੱਲਤ ਕਰਕੇ ਦਿੱਲੀ ਵਿੱਚ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਲਈ ਸਾਰੇ 400 ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਗਏ ਹਨ। 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵੀ ‘ਕੋਵੈਕਸੀਨ’ ਸੈਂਟਰ ਬੰਦ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ‘ਮੌਡਰਨਾ’ ਤੇ ‘ਫਾਈਜ਼ਰ’ ਕੰਪਨੀਆਂ ਨਾਲ ਟੀਕਿਆਂ ਦੀ ਸਪਲਾਈ ਬਾਰੇ ਸਿੱਧੇ ਰਾਬਤਾ ਕੀਤਾ ਸੀ, ਪਰ ਉਨ੍ਹਾਂ ਸਾਨੂੰ ਇਹ ਕਹਿੰਦਿਆਂ ਸਿੱਧੇ ਟੀਕੇ ਵੇਚਣ ਤੋਂ ਕੋਰੀ ਨਾਂਹ ਕਰ ਦਿੱਤੀ ਕਿ ਉਨ੍ਹਾਂ ਦੀ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। -ਪੀਟੀਆਈ