‘ਵੈਕਸੀਨ ਦੇ ਦੋ ਡੋਜ਼ ਕਰਦੇ ਹਨ ਸਭ ਤੋਂ ਵੱਧ ਬਚਾਅ’

‘ਵੈਕਸੀਨ ਦੇ ਦੋ ਡੋਜ਼ ਕਰਦੇ ਹਨ ਸਭ ਤੋਂ ਵੱਧ ਬਚਾਅ’


ਲੰਡਨ, 23 ਮਈ

ਇੰਗਲੈਂਡ ਦੇ ਸਿਹਤ ਅਧਿਕਾਰੀਆਂ ਵੱਲੋਂ ਕੀਤੇ ਇਕ ਨਵੇਂ ਅਧਿਐਨ ਵਿਚ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਭਾਰਤ ‘ਚ ਮਿਲੇ ਕਰੋਨਾਵਾਇਰਸ ਦੇ ਬੀ1.617.2 ਸਰੂਪ (ਵੇਰੀਐਂਟ) ਨਾਲ ਲੜਨ ‘ਚ ਕੋਵਿਡ ਵੈਕਸੀਨ ਦੇ ਦੋ ਡੋਜ਼ ‘ਸਭ ਤੋਂ ਜ਼ਿਆਦਾ ਅਸਰਦਾਰ’ ਹਨ। ‘ਪਬਲਿਕ ਹੈਲਥ ਇੰਗਲੈਂਡ’ ਮੁਤਾਬਕ ਫਾਈਜ਼ਰ-ਬਾਇਓਐਨਟੈੱਕ ਵੈਕਸੀਨ ਵਾਇਰਸ ਦੇ ਭਾਰਤ ਵਿਚ ਮਿਲੇ ਰੂਪ ਵਿਰੁੱਧ 88 ਪ੍ਰਤੀਸ਼ਤ ਤੱਕ ਅਸਰਦਾਰ ਹੈ। 88 ਫ਼ੀਸਦ ਤੱਕ ਅਸਰਦਾਰ ਇਹ ਦੂਜੀ ਡੋਜ਼ ਮਿਲਣ ਤੋਂ ਦੋ ਹਫ਼ਤੇ ਬਾਅਦ ਹੋਵੇਗਾ। ਜਦਕਿ ਆਕਸਫੋਰਡ/ ਐਸਟਰਾਜ਼ੈਨੇਕਾ ਵੈਕਸੀਨ ਇਸੇ ਸਰੂਪ ਵਿਰੁੱਧ 60 ਪ੍ਰਤੀਸ਼ਤ ਤੱਕ ਅਸਰਦਾਰ ਹੈ। ਹਾਲਾਂਕਿ ਜੇ ਦੋਵਾਂ ਵੈਕਸੀਨਾਂ ਦੀ ਇਕ ਹੀ ਡੋਜ਼ ਦਿੱਤੀ ਜਾਂਦੀ ਹੈ ਤਾਂ ਇਹ ਸਿਰਫ਼ 33 ਪ੍ਰਤੀਸ਼ਤ ਤੱਕ ਅਸਰਦਾਰ ਹੈ।

ਜ਼ਿਕਰਯੋਗ ਹੈ ਕਿ ਭਾਰਤ ਵਿਚ ਆਕਸਫੋਰਡ/ ਐਸਟਰਾਜ਼ੈਨੇਕਾ ਵੈਕਸੀਨ ‘ਕੋਵੀਸ਼ੀਲਡ’ ਸੀਰਮ ਇੰਸਟੀਚਿਊਟ ਵੱਲੋਂ ਬਣਾਇਆ ਜਾ ਰਿਹਾ ਹੈ। ਯੂਕੇ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ ਕਿ ਨਵੇਂ ਸਬੂਤ ਮਹੱਤਵਪੂਰਨ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਕੋਵਿਡ ਤੋਂ ਬਚਾਅ ਲਈ ਦੂਜੀ ਡੋਜ਼ ਕਿੰਨੀ ਜ਼ਿਆਦਾ ਮਹੱਤਵਪੂਰਨ ਹੈ। ‘ਪਬਲਿਕ ਹੈਲਥ ਇੰਗਲੈਂਡ’ ਦਾ ਕਹਿਣਾ ਹੈ ਕਿ ਉਹ ਟੀਕੇ ਨੂੰ ਇਸ ਤੋਂ ਵੀ ਵੱਧ ਅਸਰਦਾਰ ਹੁੰਦਾ ਦੇਖਣਾ ਚਾਹੁੰਦੇ ਹਨ ਤਾਂ ਕਿ ਮੌਤ ਤੋਂ ਬਚਾਅ ਹੋ ਸਕੇ ਤੇ ਹਸਪਤਾਲ ਜਾਣ ਦੀ ਲੋੜ ਨਾ ਪਏ। -ਪੀਟੀਆਈ



Source link