ਸਰਬਜੀਤ ਭੰਗੂ
ਪਟਿਆਲਾ, 25 ਮਈ
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਆਪਣੀ ਪਟਿਆਲਾ ਵਿਚਲੀ ਯਾਦਵਿੰਦਰਾ ਕਲੋਨੀ ਵਿਚ ਸਥਿਤ ਕੋਠੀ ਦੇ ਬਨੇਰੇ ‘ਤੇ ਅੱਜ ਕਾਲਾ ਝੰਡਾ ਚੜ੍ਹਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਮੌਜੂਦ ਸਨ। ਝੰਡਾ ਲਹਿਰਾਉਣ ਸਬੰਧੀ ਸ੍ਰੀ ਸਿੱਧੂ ਵੱਲੋਂ ਆਪਣੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਅਪਲੋਡ ਕੀਤੀ ਗਈ। ਇਸ ਦੌਰਾਨ ਸਿੱਧੂ ਆਖ ਰਹੇ ਹਨ ਕਿ ਹਕੂਮਤ ਦੀਆਂ ਮਾਰੂ ਨੀਤੀਆਂ ਦੇ ਚੱਲਦਿਆਂ ਛੋਟੇ ਤੋਂ ਵੱਡੇ ਕਿਸਾਨ ਮੁਸ਼ਕਲਾਂ ਵਿਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਉਡੀਕਦਾ ਹੈ ਅਤੇ ਪੰਜਾਬ ਦੀ ਕਿਸਾਨੀ ਉਡੀਕਦੀ ਹੈ ਕਿ ਪੰਜਾਬ ਕਦੋਂ ਖੁਦਮੁਖਤਾਰੀ ਦੇ ਰਾਹ ਚੱਲੇਗਾ। ਸਿੱਧੂ ਦਾ ਕਹਿਣਾ ਹੈ ਕਿ ਢਾਈ ਦਹਾਕਿਆਂ ਤੋਂ ਪੰਜਾਬ ਅੰਦਰ ਵਧ ਰਿਹਾ ਕਰਜ਼ਾ, ਘਟ ਰਹੀ ਆਮਦਨ ਤੇ ਘਟ ਰਹੀ ਉਪਜ ਹਰ ਛੋਟੇ ਤੋਂ ਵੱਡੇ ਕਿਸਾਨ ਨੂੰ ਸੰਘਰਸ਼ ਲਈ ਮਜਬੂਰ ਕਰ ਰਹੀ ਹੈ।
ਕੇਂਦਰ ਸਰਕਾਰ ਵੱਲੋਂ ਥੋਪੇ ਗਏ ਖੇਤੀ ਵਿਰੋਧੀ ਕਾਨੂੰਨਾਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਪਹਿਲਾਂ ਤੋਂ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਕਿਸਾਨੀ ਨੂੰ ਡੋਬਣ ਲਈ ਲਿਆਂਦੇ ਗਏ ਹਨ। ਇਹ ਕਾਨੂੰਨ ਨਾ ਸਿਰਫ਼ ਕਿਸਾਨ, ਬਲਕਿ ਛੋਟੇ ਵਪਾਰੀ ਅਤੇ ਮਜ਼ਦੂਰ ਦੀ ਰੋਜ਼ੀ ਰੋਟੀ ‘ਤੇ ਵੀ ਲੱਤ ਮਾਰ ਰਹੇ ਹਨ ਜਿਸ ਖਿਲਾਫ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ‘ਤੇ ਛੇ ਮਹੀਨਿਆਂ ਤੋਂ ਧਰਨੇ ਜਾਰੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ‘ਤੇ ਅੱਜ ਲਾਇਆ ਗਿਆ ਇਹ ਕਾਲਾ ਝੰਡਾ ਖੇਤੀ ਕਾਨੂੰਨਾਂ ਅਤੇ ਕਿਸਾਨ ਵਿਰੋਧੀ ਸਿਸਟਮ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਇਹ ਸਿਸਟਮ ਨਹੀਂ ਬਦਲਿਆ ਜਾਵੇਗਾ, ਉਦੋਂ ਤੱਕ ਉਨ੍ਹਾਂ ਦੇ ਘਰ ‘ਤੇ ਲੱਗਿਆ ਇਹ ਕਾਲ਼ਾ ਝੰਡਾ ਨਹੀਂ ਉਤਰੇਗਾ। ਇਸ ਮਗਰੋਂ ਸਿੱਧੂ ਜੋੜੇ ਨੇ ਜੈਕਾਰਾ ਵੀ ਛੱਡਿਆ।