ਦਵਿੰਦਰ ਪਾਲ
ਚੰਡੀਗੜ੍ਹ, 24 ਮਈ
ਮੁੱਖ ਅੰਸ਼
- ਅਮਰਗੜ੍ਹ ਤੋਂ ਪਾਰਟੀ ਵਿਧਾਇਕ ਵੱਲੋਂ ਦਿੱਤੇ ਬਗਾਵਤ ਦੇ ਸੱਦੇ ਦੀ ਕੀਤੀ ਹਮਾਇਤ
ਪੰਜਾਬ ਕਾਂਗਰਸ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਨੇ ਮੁੜ ਤੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਦੇ ਸਰਕਾਰੀ ਫਲੈਟ ‘ਤੇ ਅੱਜ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਕੀਤੀ।
ਸੂਤਰਾਂ ਦਾ ਦੱਸਣਾ ਹੈ ਕਿ ਇਸ ਮੀਟਿੰਗ ਦੌਰਾਨ ਕਾਂਗਰਸ ਹਾਈ ਕਮਾਂਡ ਦੇ ਰੁਖ਼ ‘ਤੇ ਚਰਚਾ ਕੀਤੀ ਗਈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਵਿਰੋਧੀ ਧੜੇ ਨੇ ਇਸ ਗੱਲ ‘ਤੇ ਵੀ ਵਿਚਾਰ ਕੀਤਾ ਕਿ ਜੇਕਰ ਹਾਈ ਕਮਾਂਡ ਨੇ ਪੰਜਾਬ ਕਾਂਗਰਸ ‘ਚ ਛਿੜੀ ਲੜਾਈ ਦਾ ਤੁਰੰਤ ਹੱਲ ਨਾ ਕੱਢਿਆ ਤਾਂ ਭਵਿੱਖ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਏ ਜਾਣ ਦੀ ਜ਼ਰੂਰਤ ਹੈ। ਮੀਟਿੰਗ ਤੋਂ ਬਾਅਦ ਰੰਧਾਵਾ ਅਤੇ ਚੰਨੀ ਨੇ ਤਾਂ ਮੀਟਿੰਗ ਸਬੰਧੀ ਤੇ ਭਵਿੱਖ ਦੀ ਰਣਨੀਤੀ ਬਾਰੇ ਕੋਈ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ‘ਤੇ ਤਿੱਖੀਆਂ ਟਿੱਪਣੀਆਂ ਕੀਤੀਆਂ। ਪਰਗਟ ਸਿੰਘ ਨੇ ਇੱਥੋਂ ਤੱਕ ਕਿਹਾ ਕਿ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਕਾਮਯਾਬ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਹ ਗੱਲ ਤਾਂ ਉਨ੍ਹਾਂ ਮੁੱਖ ਮੰਤਰੀ ਦੇ ਸਾਹਮਣੇ ਆਖੀ ਸੀ ਕਿ ਹੋਰਨਾਂ ਦਾ ਸਰਵੇਖਣ ਕਰਾਉਣ ਦੀ ਥਾਂ ਸਭ ਤੋਂ ਪਹਿਲਾਂ ਕੈਪਟਨ ਆਪਣੇ ਬਾਰੇ ਹੀ ਸਰਵੇਖਣ ਕਰਵਾ ਲੈਣ ਕਿ ਲੋਕਾਂ ‘ਚ 2017 ਦੀਆਂ ਚੋਣਾਂ ਤੋਂ ਪਹਿਲਾਂ ਵਾਲੀ ਗੱਲ ਹੈ ਜਾਂ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਲੋਕਾਂ ‘ਚ ਆਪਣਾ ਅਧਾਰ ਪੂਰੀ ਤਰ੍ਹਾਂ ਗੁਆ ਚੁੱਕੇ ਹਨ।
ਬਾਗੀ ਧੜੇ ਦੇ ਇਸ ਵਿਧਾਇਕ ਨੇ ਅਮਰਗੜ੍ਹ ਤੋਂ ਪਾਰਟੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਵਿਧਾਇਕਾਂ ਵੱਲੋਂ ਖੁੱਲ੍ਹੀ ਬਗਾਵਤ ਕਰਨ ਦੇ ਦਿੱਤੇ ਸੱਦੇ ਦੀ ਵੀ ਹਮਾਇਤ ਕੀਤੀ। ਮਹੱਤਵਪੂਰਨ ਤੱਥ ਇਹ ਹੈ ਕਿ ਸ੍ਰੀ ਧੀਮਾਨ ਨੇ ਕਾਂਗਰਸ ਦੇ ਵਿਧਾਇਕਾਂ ਨੂੰ ਸੱਦਾ ਦਿੱਤਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਖਤਾ ਪਲਟ ਦਿੱਤਾ ਜਾਵੇ। ਪਰਗਟ ਸਿੰਘ ਨੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬਾ ਪ੍ਰਧਾਨ ਦੋਹਾਂ ਧੜਿਆਂ ਦਰਮਿਆਨ ਸੰਤੁਲਨ ਬਣਾ ਕੇ ਰੱਖ ਰਹੇ ਹਨ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਅੱਜ ਦੀ ਮੀਟਿੰਗ ਦੌਰਾਨ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਦੇਣ ਲਈ ਮੀਡੀਆ ‘ਚ ਜਾਣ ਦੀ ਸਲਾਹ ਵੀ ਦਿੱਤੀ। ਪਤਾ ਲੱਗਾ ਹੈ ਕਿ ਸ੍ਰੀ ਚੰਨੀ ਨੇ ਹਾਈ ਕਮਾਂਡ ਦੇ ਰੁਖ ਦਾ ਇੰਤਜ਼ਾਰ ਕਰਨ ਦੀ ਗੱਲ ਕਹੀ ਹੈ। ਬਾਗੀ ਧੜੇ ਦੀਆਂ ਤਾਜ਼ਾ ਗਤੀਵਿਧੀਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਹੁਣ ਤੱਕ ਪਾਰਟੀ ਹਾਈ ਕਮਾਂਡ ਵੱਲੋਂ ਦਖ਼ਲ ਦੇ ਕੇ ਜ਼ੁਬਾਨਬੰਦੀ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ। ਬਾਗੀ ਧੜੇ ਦਾ ਇਹ ਵੀ ਕਹਿਣਾ ਹੈ ਕਿ ਹਾਈ ਕਮਾਂਡ ਤੋਂ ਬਹੁਤੀਆਂ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ।
ਮਨੀਸ਼ਾ ਗੁਲਾਟੀ ਨੇ ਮੁੜ ਖੋਲ੍ਹਿਆ ਚੰਨੀ ਖ਼ਿਲਾਫ਼ ਮੋਰਚਾ
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਨ ਮਨੀਸ਼ਾ ਗੁਲਾਟੀ ਨੇ ਵੀ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮਾਮਲੇ ‘ਤੇ ਮੁੜ ਸਿਆਸਤ ਭਖਾ ਦਿੱਤੀ ਹੈ। ਬੀਬੀ ਗੁਲਾਟੀ ਨੇ ਅੱਜ ਮੁੜ ਮੀਡੀਆ ਨਾਲ ਗੱਲ ਕਰਦਿਆਂ ਕਮਿਸ਼ਨ ਵੱਲੋਂ ਮਹਿਲਾਵਾਂ ਦੇ ਮਾਣ ਸਨਮਾਨ ਨੂੰ ਉਚਾ ਰੱਖਣ ਲਈ ਹਰ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਹਿਜ਼ ਇੱਕ ਮੰਤਰੀ ਦੇ ਮਾਮਲੇ ‘ਤੇ ਹੀ ਕਮਿਸ਼ਨ ਨਹੀਂ ਬੋਲਿਆ ਹੋਰਨਾਂ ਮਾਮਲਿਆਂ ‘ਤੇ ਵੀ ਕਾਰਵਾਈ ਕੀਤੀ ਜਾਂਦੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਲੰਘੇ ਹਫਤੇ ਸ੍ਰੀਮਤੀ ਗੁਲਾਟੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਚੰਡੀਗੜ੍ਹ ਦੇ ਮਟਕਾ ਚੌਕ ਵਿੱਚ ਧਰਨੇ ‘ਤੇ ਬੈਠ ਜਾਵਾਂਗੀ।