ਪੇਈਚਿੰਗ, 27 ਮਈ
ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਹੁਦਾ ਸੰਭਾਲਣ ਮਗਰੋਂ ਅਮਰੀਕਾ ਤੇ ਚੀਨ ਦੇ ਵਪਾਰਕ ਰਾਜਦੂਤਾਂ ਨੇ ਪਹਿਲੀ ਵਾਰ ਫੋਨ ‘ਤੇ ਗੱਲਬਾਤ ਕੀਤੀ ਪਰ ਦੋਵਾਂ ਧਿਰਾਂ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਜਿਸ ਤੋਂ ਪਤਾ ਲੱਗੇ ਕਿ ਉਨ੍ਹਾਂ ਦੀਆਂ ਟੈਕਸ ਸਬੰਧੀ ਅੜਚਣਾਂ ਖ਼ਤਮ ਕਰਨ ਸਬੰਧੀ ਵਾਰਤਾਲਾਪ ਮੁੜ ਕਦੋਂ ਸ਼ੁਰੂ ਹੋਵੇਗਾ। ਅਮਰੀਕਾ ਦੀ ਵਪਾਰ ਪ੍ਰਤੀਨਿਧ ਕੈਥਰੀਨ ਤਾਏ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਉਨ੍ਹਾਂ ਵਪਾਰ ਸਬੰਧਾਂ ਬਾਰੇ ਮੌਜੂਦਾ ਵਿਚਾਰਾਂ ਬਾਰੇ ਗੱਲਬਾਤ ਕੀਤੀ। ਦੂਜੇ ਪਾਸੇ ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਵਾਈਸ-ਪ੍ਰੀਮੀਅਰ ਲੀਊ ਨੇ ਸਾਂਝੇ ਮੁੱਦਿਆਂ ਬਾਰੇ ਗੱਲਬਾਤ ਕੀਤੀ ਪਰ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ। ਰਾਸ਼ਟਰਪਤੀ ਸ੍ਰੀ ਬਾਇਡਨ ਨੇ ਅਜੇ ਇਹ ਖੁਲਾਸਾ ਨਹੀਂ ਕੀਤਾ ਕਿ ਉਹ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸ਼ੁਰੂ ਕੀਤੇ ਗਏ ਇਸ ਵਿਵਾਦ ਬਾਰੇ ਕਿਹੋ ਜਿਹਾ ਰੁਖ਼ ਅਪਣਾਉਣਗੇ, ਜਿਨ੍ਹਾਂ ਪੇਈਚਿੰਗ ਦੀ ਸਨਅਤੀ ਨੀਤੀ ਤੇ ਵਪਾਰਕ ਵਾਧੇ ਸਬੰਧੀ ਸ਼ਿਕਾਇਤਾਂ ਮਿਲਣ ‘ਤੇ ਚੀਨ ਤੋਂ ਆਉਣ ਵਾਲੀ ਦਰਾਮਦ ‘ਤੇ ਟੈਕਸ ਵਧਾ ਦਿੱਤੇ ਸਨ। -ਏਪੀ