ਅਲੀਗੜ੍ਹ, 28 ਮਈ
ਇਥੇ ਨਕਲੀ ਸ਼ਰਾਬ ਪੀਣ ਨਾਲ 11 ਜਣਿਆਂ ਦੀ ਮੌਤ ਹੋ ਗਈ ਤੇ ਕਈਆਂ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਅਲੀਗੜ੍ਹ ਐਚਪੀ ਗੈਸ ਪਲਾਂਟ ਦਾ ਟਰੱਕ ਡਰਾਈਵਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਲੋਧਾ ਖੇਤਰ ਦੇ ਕਰਸੂਆ, ਨਿਮਾਨਾ, ਹੈਬਤਪੁਰ ਤੇ ਆਂਡਲਾ ਪਿੰਡਾਂ ਵਿਚ ਰਹਿਣ ਵਾਲਿਆਂ ਦੀ ਮੌਤ ਹੋਈ ਹੈ। ਇਸ ਮਾਮਲੇ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੋਸ਼ੀਆਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਲਗਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇ ਸ਼ਰਾਬ ਸਰਕਾਰੀ ਠੇਕਿਆਂ ਤੋਂ ਖਰੀਦੀ ਗਈ ਹੈ ਤਾਂ ਠੇਕਿਆਂ ਨੂੰ ਸੀਲ ਕਰ ਦਿਓ ਤੇ ਦੋਸ਼ੀਆਂ ਦੀ ਸੰਪਤੀ ਕੁਰਕ ਕੀਤੀ ਜਾਵੇ। ਅਧਿਕਾਰੀਆਂ ਨੇ ਦੱਸਿਆ ਕਿ ਸੱਤ ਜਣਿਆਂ ਦੀ ਮੌਤ ਸਵੇਰੇ ਜਦਕਿ ਚਾਰ ਜਣਿਆਂ ਦੀ ਹਸਪਤਾਲ ਵਿੱਚ ਹੋਈ ਹੈ।-ਪੀਟੀਆਈ