ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਮਈ
ਕਰੋਨਾ ਮਹਾਮਾਰੀ ਨਾਲ ਸਹੀ ਢੰਗ ਨਾਲ ਨਾ ਨਜਿੱਠਣ ‘ਤੇ ਪੰਜਾਬ ਸਰਕਾਰ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਉਲੀਕਿਆ ਤਿੰਨ ਰੋਜ਼ਾ ਧਰਨਾ ਅੱਜ ਸ਼ੁਰੂ ਹੋ ਗਿਆ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਧਰਨੇ ਵਿੱਚ ਵੱਡੀ ਗਿਣਤੀ ਕਿਸਾਨ ਪੁੱਜ ਚੁੱਕੇ ਹਨ ਜਿਨ੍ਹਾਂ ਵਿੱਚ ਪ੍ਰਮੁੱਖ ਬੁਲਾਰੇ ਵਜੋਂ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਸ਼ਾਮਲ ਹਨ। ਇਹ ਧਰਨਾ ਇੱਥੇ ਜੇਲ੍ਹ ਰੋਡ ‘ਤੇ ਸਥਿਤ ਪੁੱਡਾ ਗਰਾਊਂਡ ਵਿਚ ਲਾਇਆ ਗਿਆ ਹੈ। ਇਹ ਧਰਨਾ 30 ਮਈ ਤਕ ਜਾਰੀ ਰਹੇਗਾ ਜਿਸ ਦੌਰਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੀ ਪਹੁੰਚਣਗੇ। ਸਰਕਾਰ ਵੱਲੋਂ ਇਹ ਧਰਨਾ ਟਾਲਣ ਲਈ ਭਾਵੇਂ ਕਾਫ਼ੀ ਚਾਰਾਜੋਈ ਕੀਤੀ ਗਈ ਹੈ। ਇਸ ਦੇ ਬਾਵਜੂਦ ਕਿਸਾਨ ਧਰਨਾ ਲਾਉਣ ਲਈ ਬਜ਼ਿੱਦ ਰਹੇ, ਦੂਜੇ ਪਾਸੇ ਪ੍ਰਸ਼ਾਸਨ ਨੇ ਸਖਤ ਬੰਦੋਬਸਤ ਕਰ ਦਿੱਤਾ ਹੈ ਤੇ ਗੁਆਂਢੀ ਜ਼ਿਲ੍ਹਿਆਂ ਵਿੱਚੋਂ ਵੀ ਪੁਲੀਸ ਫੋਰਸ ਸੱਦ ਲਈ ਹੈ।