ਕੋਟਕਪੂਰਾ ਗੋਲੀ ਕਾਂਡ: ਉੱਚ ਪੁਲੀਸ ਅਧਿਕਾਰੀ ਜਾਂਚ ਟੀਮ ਸਾਹਮਣੇ ਪੇਸ਼ ਹੋਏ

ਕੋਟਕਪੂਰਾ ਗੋਲੀ ਕਾਂਡ: ਉੱਚ ਪੁਲੀਸ ਅਧਿਕਾਰੀ ਜਾਂਚ ਟੀਮ ਸਾਹਮਣੇ ਪੇਸ਼ ਹੋਏ
ਕੋਟਕਪੂਰਾ ਗੋਲੀ ਕਾਂਡ: ਉੱਚ ਪੁਲੀਸ ਅਧਿਕਾਰੀ ਜਾਂਚ ਟੀਮ ਸਾਹਮਣੇ ਪੇਸ਼ ਹੋਏ


ਜਸਵੰਤ ਜੱਸ

ਫ਼ਰੀਦਕੋਟ, 28 ਮਈ

ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਅੱਜ ਉੱਚ ਪੁਲੀਸ ਅਧਿਕਾਰੀ ਹਾਜ਼ਰ ਹੋਏ ਅਤੇ ਉਨ੍ਹਾਂ 14 ਅਕਤੂਬਰ, 2015 ਨੂੰ ਵਾਪਰੇ ਗੋਲੀ ਕਾਂਡ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਗੋਲੀ ਕਾਂਡ ਦੌਰਾਨ ਜ਼ਖ਼ਮੀ ਹੋਏ ਆਈਜੀ ਜਤਿੰਦਰ ਜੈਨ, ਆਈਪੀਐੱਸ ਅਧਿਕਾਰੀ ਸੁਖਮਿੰਦਰ ਸਿੰਘ ਮਾਨ ਜੋ ਘਟਨਾ ਸਮੇਂ ਫ਼ਰੀਦਕੋਟ ਦੇ ਐੱਸਐੱਸਪੀ ਸਨ, ਐੱਸਪੀ ਬਲਜੀਤ ਸਿੰਘ, ਲੁਧਿਆਣਾ ਦੇ ਡੀਐੱਸਪੀ ਮਨਿੰਦਰ ਸਿੰਘ ਬੇਦੀ ਅਤੇ ਪੰਥਕ ਆਗੂ ਗੁਰਦੀਪ ਸਿੰਘ ਬਠਿੰਡਾ ਜਾਂਚ ਟੀਮ ਸਾਹਮਣੇ ਪੇਸ਼ ਹੋਏ। ਜਾਂਚ ਟੀਮ ਨੇ ਕੁੱਲ 42 ਵਿਅਕਤੀਆਂ ਨੂੰ ਪੁੱਛਗਿੱਛ ਲਈ ਸੱਦਿਆ ਸੀ, ਜਿਨ੍ਹਾਂ ਵਿੱਚੋਂ 25 ਵਿਅਕਤੀ ਬੀਤੇ ਦਿਨ ਪੇਸ਼ ਹੋਏ ਸਨ ਅਤੇ ਬਾਕੀ ਵਿਅਕਤੀਆਂ ਨੇ ਅੱਜ ਆਪਣੇ ਬਿਆਨ ਦਰਜ ਕਰਵਾਏ। ਜਾਂਚ ਟੀਮ ਨੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਦੇ ਕੁਝ ਡਾਕਟਰਾਂ ਨੂੰ ਵੀ ਪੜਤਾਲ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਉਨ੍ਹਾਂ ਤੋਂ ਵੀ ਪੁੱਛ ਪੜਤਾਲ ਹੋ ਸਕਦੀ ਹੈ। ਇਸੇ ਦਰਮਿਆਨ ਵਿਸ਼ੇਸ਼ ਜਾਂਚ ਟੀਮ ਨੇ ਆਮ ਲੋਕਾਂ ਨੂੰ ਹੈਲਪ ਲਾਈਨ ਨੰਬਰ 98759-83237 ਜਾਰੀ ਕਰਕੇ ਅਪੀਲ ਕੀਤੀ ਹੈ ਕਿ ਕੋਟਕਪੂਰਾ ਗੋਲੀ ਕਾਂਡ ਬਾਰੇ ਕੋਈ ਵੀ ਸੂਚਨਾ ਇਸ ਨੰਬਰ ‘ਤੇ ਵੱਟਸਐਪ ਰਾਹੀਂ ਭੇਜ ਸਕਦੇ ਹਨ। ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਪੜਤਾਲ ਦੌਰਾਨ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਇੱਕ ਦਰਜਨ ਪੁਲੀਸ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਕਿਸੇ ਵੀ ਸਮੇਂ ਬੁਲਾ ਸਕਦੀ ਹੈ।

ਬੇਅਦਬੀ ਕਾਂਡ: ਡੇਰਾ ਪ੍ਰੇਮੀਆਂ ਦੇ ਪੁਲੀਸ ਰਿਮਾਂਡ ‘ਚ ਇੱਕ ਦਿਨ ਦਾ ਵਾਧਾ

ਬੇਅਦਬੀ ਕਾਂਡ ਵਿੱਚ ਅੱਜ ਡੇਰਾ ਪ੍ਰੇਮੀ ਰਣਜੀਤ ਸਿੰਘ ਅਤੇ ਸ਼ਕਤੀ ਸਿੰਘ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਂਚ ਟੀਮ ਨੇ ਡੇਰੇ ਦੇ ਕੌਮੀ ਕਮੇਟੀ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਇਨ੍ਹਾਂ ਦੋਵਾਂ ਡੇਰਾ ਪ੍ਰੇਮੀਆਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ, ਜਿਸ ‘ਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੰਜੀਵ ਕੁੰਦੀ ਨੇ ਦੋਵਾਂ ਡੇਰਾ ਪ੍ਰੇਮੀਆਂ ਨੂੰ ਇੱਕ ਦਿਨ ਲਈ ਪੁਲੀਸ ਰਿਮਾਂਡ ‘ਤੇ ਭੇਜਣ ਦਾ ਹੁਕਮ ਦਿੱਤਾ। ਬੇਅਦਬੀ ਕਾਂਡ ਵਿੱਚ ਜਾਂਚ ਟੀਮ ਹੁਣ ਤੱਕ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।Source link