ਕੇਂਦਰ ਦੀ ਲਾਪ੍ਰਵਾਹੀ ਕਾਰਨ ਆਕਸੀਜਨ ਸੰਕਟ ਪੈਦਾ ਹੋਇਆ: ਪ੍ਰਿਯੰਕਾ ਗਾਂਧੀ

ਕੇਂਦਰ ਦੀ ਲਾਪ੍ਰਵਾਹੀ ਕਾਰਨ ਆਕਸੀਜਨ ਸੰਕਟ ਪੈਦਾ ਹੋਇਆ: ਪ੍ਰਿਯੰਕਾ ਗਾਂਧੀ


ਨਵੀਂ ਦਿੱਲੀ, 29 ਮਈ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਦੋਸ਼ ਲਾਇਆ ਕਿ ਦੇਸ਼ ਵਿੱਚ ਕਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਕੇਂਦਰ ਸਰਕਾਰ ਦੀ ਲਾਪ੍ਰਵਾਹੀ ਅਤੇ ਯੋਜਨਾ ਦੀ ਘਾਟ ਕਾਰਨ ਮੈਡੀਕਲ ਆਕਸੀਜਨ ਸੰਕਟ ਪੈਦਾ ਹੋਇਆ ਅਤੇ ਲੋਕਾਂ ਦੀਆਂ ਜਾਨਾਂ ਗਈਆਂ। ਉਨ੍ਹਾਂ ਕਿਹਾ ਕਿ ਜੇ ਕੇਂਦਰ ਨੇ ਸਮੇਂ ਸਿਰ ਯੋਜਨਾਬੱਧ ਢੰਗ ਨਾਲ ਤਿਆਰੀ ਕੀਤੀ ਹੁੰਦੀ ਤਾਂ ਸੰਕਟ ਟਾਲਿਆ ਜਾ ਸਕਦਾ ਸੀ।

ਪ੍ਰਿਯੰਕਾ ਨੇ ‘ਜ਼ਿੰਮੇਦਾਰ ਕੌਣ’ ਮੁਹਿੰਮ ਤਹਿਤ ਫੇਸਬੁੱਕ ‘ਤੇ ਪੋਸਟ ਰਾਹੀਂ ਕੇਂਦਰ ਸਰਕਾਰ ਨੂੰ ਕਈ ਸਵਾਲ ਪੁੱਛੇ। ਉਨ੍ਹਾਂ ਸਵਾਲ ਕੀਤਾ ਕਿ ਕੇਂਦਰ ਨੇ ਮਹਾਮਾਰੀ ਵਾਲੇ ਸਾਲ 2020 ਵਿੱਚ ਆਕਸੀਜਨ ਦੀ ਬਰਾਮਦ 700 ਫ਼ੀਸਦੀ ਤੱਕ ਕਿਉਂ ਵਧਾ ਦਿੱਤੀ ਸੀ, ਜਦੋਂਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਦੇਸ਼ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਲੋੜ ਸੀ ਤਾਂ ਆਕਸੀਜਨ ਦਰਾਮਦਗੀ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਪ੍ਰਿਯੰਕਾ ਵਾਡਰਾ ਨੇ ਲਿਖਿਆ, ”ਇਸ ਤੋਂ ਸਾਫ਼ ਹੈ ਕਿ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਜ਼ਿੰਦਗੀਆਂ ਗੁਆਉਣ ਵਾਲਿਆਂ ਲਈ ਮੋਦੀ ਸਰਕਾਰ ਦੀ ਯੋਜਨਾ ਦੀ ਘਾਟ ਅਤੇ ਲਾਪ੍ਰਵਾਹੀ ਜ਼ਿੰਮੇਵਾਰ ਹੈ। ਹੁਣ ਸਮਾਂ ਆ ਗਿਆ ਹੈ ਕਿ ਉਹ ਲੋਕਾਂ ਪ੍ਰਤੀ ਜਵਾਬਦੇਹ ਹੋਵੇ।” ਉਨ੍ਹਾਂ ਸਵਾਲ ਕੀਤਾ ਕਿ ਆਕਸੀਜਨ ਦੀ ਸਪਲਾਈ ਲਈ ਸਰਕਾਰ ਕੋਲ ‘ਠੋਸ ਯੋਜਨਾ’ ਕਿਉਂ ਨਹੀਂ ਹੈ। -ਪੀਟੀਆਈ



Source link