ਨਵੀਂ ਦਿੱਲੀ, 2 ਜੂਨ
ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਮਾਡਲ ਕਿਰਾਏਦਾਰੀ ਐਕਟ ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮਾਡਲ ਕਿਰਾਏਦਾਰੀ ਐਕਟ ਦਾ ਖਰੜਾ ਹੁਣ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜਿਆ ਜਾਵੇਗਾ। ਇਸ ਨੂੰ ਨਵਾਂ ਕਾਨੂੰਨ ਬਣਾ ਕੇ ਜਾਂ ਮੌਜੂਦਾ ਕਿਰਾਏਦਾਰ ਕਾਨੂੰਨ ਵਿੱਚ ਸੋਧ ਕਰਕੇ ਲਾਗੂ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਸਰਕਾਰੀ ਬਿਆਨ ਮੁਤਾਬਕ ਇਸ ਨਾਲ ਦੇਸ਼ ਵਿੱਚ ਕਿਰਾਏ ਲਈ ਰਿਹਾਇਸ਼ ਬਾਰੇ ਕਾਨੂੰਨੀ ਢਾਂਚੇ ਦਾ ਕਾਇਆ ਪਲਟ ਕਰਨ ਵਿੱਚ ਮਦਦ ਮਿਲੇਗੀ।