ਅਵਿਨਾਸ਼ ਸ਼ਰਮਾ
ਨੂਰਪੁਰ ਬੇਦੀ, 1 ਜੂਨ
3000 ਈਟੀਟੀ ਅਧਿਆਪਕਾਂ ਦੀ ਬਹੁਤ ਜਲਦ ਮਾਸਟਰ ਕੇਡਰ ਵਿਚ ਤਰੱਕੀ ਹੋਣ ਜਾ ਰਹੀ ਹੈ। ਇਹ ਜਾਣਕਾਰੀ ਅੱਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਨਾਲ ਹੋਈ ਅਹਿਮ ਜ਼ੂਮ ਮੀਟਿੰਗ ਦੌਰਾਨ ਦਿੱਤੀ। ਮੀਟਿੰਗ ਦੌਰਾਨ ਬਾਠ ਵੱਲੋਂ ਈਟੀਟੀ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ ਲਾਗੂ ਕਰਵਾਉਣ ਅਤੇ ਈਟੀਟੀ ਅਧਿਆਪਕਾਂ ਦੀ ਮਾਸਟਰ ਕੇਡਰ ਵਿਚ ਤਰੱਕੀ ਕਰਨ ਦਾ ਮੁੱਦਾ ਸਿੱਖਿਆ ਸਕੱਤਰ ਕੋਲ ਪ੍ਰਮੁੱਖਤਾ ਨਾਲ ਉਠਾਇਆ ਗਿਆ। ਇਸ ਸਬੰਧੀ ਸਿੱਖਿਆ ਸਕੱਤਰ ਨੇ ਦੱਸਿਆ ਕਿ ਈਟੀਟੀ ਅਧਿਆਪਕਾਂ ਦੀਆਂ ਬਦਲੀਆਂ ਜਲਦ ਲਾਗੂ ਕਰ ਦਿੱਤੀਆਂ ਜਾਣਗੀਆਂ ਤੇ ਈਟੀਟੀ ਅਧਿਆਪਕਾਂ ਤੋਂ ਮਾਸਟਰ ਕੇਡਰ ਦੀ ਤਰੱਕੀ ਲਈ ਪ੍ਰਕਿਰਿਆ ਜਾਰੀ ਹੈ, 3000 ਦੇ ਕਰੀਬ ਅਧਿਆਪਕਾਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਮਾਸਟਰ ਕੇਡਰ ਵਿਚ ਤਰੱਕੀ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਤਰੱਕੀਆਂ ਨਰੋਲ ਈ-ਪੰਜਾਬ ‘ਤੇ ਦਿੱਤੇ ਗਏ ਵੇਰਵੇ ਦੇ ਆਧਾਰ ‘ਤੇ ਹੋਣਗੀਆਂ ਅਤੇ ਕਿਸੇ ਵੀ ਅਧਿਆਪਕ ਤੋਂ ਕੋਈ ਡਾਕੂਮੈਂਟ ਨਹੀਂ ਮੰਗਿਆ ਜਾਵੇਗਾ।