ਨਵੀਂ ਦਿੱਲੀ: ਭਾਰਤ ਦੇ ਡਰੱਗ ਰੈਗੂਲੇਟਰ (ਡੀਸੀਜੀਆਈ) ਨੇ ਵਿਦੇਸ਼ ਵਿਚ ਬਣੀ ਕੋਵਿਡ ਵੈਕਸੀਨ ਦੀ ਹਰ ਖੇਪ ਨੂੰ ਕੇਂਦਰੀ ਡਰੱਗ ਲੈਬ, ਕਸੌਲੀ ਵਿਚ ਟੈਸਟ ਕਰਨ ਦੀ ਲੋੜ ਖ਼ਤਮ ਕਰ ਦਿੱਤੀ ਹੈ। ਇਸ ਤੋਂ ਇਲਾਵਾ ਲਾਂਚ ਤੋਂ ਬਾਅਦ ਕੰਪਨੀਆਂ ਨੂੰ ‘ਬ੍ਰਿਜ ਟਰਾਇਲ’ ਦੀ ਲੋੜ ਵੀ ਨਹੀਂ ਪਵੇਗੀ। ਜ਼ਿਕਰਯੋਗ ਹੈ ਕਿ ਵਿਦੇਸ਼ ਤੋਂ ਮੰਗਵਾਏ ਟੀਕਿਆਂ ਨੂੰ ਦੇਸ਼ ਵਿਚ ਹੋਈ ਪਰਖ਼ ਨਾਲ ਮੇਲ ਕੇ ਦੇਖਿਆ ਜਾਂਦਾ ਹੈ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਵਾਸੀਆਂ ਦੇ ਜੈਨੇਟਿਕਸ ਵਿਚ ਫ਼ਰਕ ਹੁੰਦਾ ਹੈ। ਇਸ ਕਦਮ ਨਾਲ ਵੈਕਸੀਨ ਜ਼ਿਆਦਾ ਗਿਣਤੀ ਵਿਚ ਉਪਲੱਬਧ ਹੋ ਸਕੇਗਾ। ਦੱਸਣਯੋਗ ਹੈ ਕਿ ਫਾਈਜ਼ਰ ਤੇ ਸਿਪਲਾ ਫਾਰਮਾ ਕੰਪਨੀਆਂ ਨੇ ਭਾਰਤ ਨੂੰ ਵੈਕਸੀਨ ਭੇਜਣ ਤੋਂ ਪਹਿਲਾਂ ਇਹ ਮੰਗ ਰੱਖੀਆਂ ਸਨ ਤੇ ਹੁਣ ‘ਡੀਸੀਜੀਆਈ’ ਨੇ ਇਹ ਫ਼ੈਸਲਾ ਲਿਆ ਹੈ। ਭਾਰਤ ਵਿਚ ਵੈਕਸੀਨ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਇਸੇ ਨੂੰ ਧਿਆਨ ਵਿਚ ਰੱਖ ਕੇ ਇਹ ਫ਼ੈਸਲਾ ਲਿਆ ਗਿਆ ਹੈ। ਦਵਾਈਆਂ ਨੂੰ ਪ੍ਰਵਾਨਗੀ ਦੇਣ ਵਾਲੀ ਕੇਂਦਰੀ ਅਥਾਰਿਟੀ ਮੁਤਾਬਕ ਅਮਰੀਕਾ, ਯੂਰੋਪ, ਯੂਕੇ ਤੇ ਜਪਾਨ ਵਿਚ ਜਿਹੜੇ ਵੈਕਸੀਨ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਜਾਂ ਉਹ ਡਬਲਿਊਐਚਓ ਦੀ ਸੂਚੀ ਵਿਚ ਹਨ ਤੇ ਉਹ ਵੈਕਸੀਨ ਜਿਹੜੇ ਪਹਿਲਾਂ ਹੀ ਲੱਖਾਂ ਲੋਕਾਂ ਦੇ ਲਾਏ ਜਾ ਚੁੱਕੇ ਹਨ, ਨੂੰ ਭਾਰਤ ਵਿਚ ‘ਬ੍ਰਿਜਿੰਗ ਕਲੀਨਿਕਲ ਟਰਾਇਲ’ ਦੀ ਲੋੜ ਹੁਣ ਨਹੀਂ ਹੋਵੇਗੀ। ਇਸ ਤੋਂ ਇਲਾਵਾ ਸੀਡੀਐਲ (ਕਸੌਲੀ) ‘ਚ ਵੀ ਵੈਕਸੀਨ ਦੀ ਹਰ ਖੇਪ ਨੂੰ ਟੈਸਟ ਨਹੀਂ ਕੀਤਾ ਜਾਵੇਗਾ ਜੇਕਰ ਵੈਕਸੀਨ ਦੇ ਉਸ ਬੈਚ ਨੂੰ ਬਰਾਮਦ ਕਰਨ ਵਾਲੇ ਮੁਲਕ ਦੀ ਕੰਟਰੋਲ ਲੈਬ ਵੱਲੋਂ ਸਰਟੀਫਾਈ ਕਰ ਕੇ ਮਨਜ਼ੂਰ ਕੀਤਾ ਜਾ ਚੁੱਕਾ ਹੋਵੇਗਾ। ਹਾਲਾਂਕਿ ਕਸੌਲੀ ਦੀ ਕੇਂਦਰੀ ਲੈਬ ਅਜਿਹੇ ਵੈਕਸੀਨ ਦੀ ਪਰਖ਼ ਦੇ ਪ੍ਰੋਟੋਕੋਲ ਤੇ ਅਧਿਐਨ ਦੇ ਸਰਟੀਫਿਕੇਟ ਦੀ ਪੜਚੋਲ ਜ਼ਰੂਰ ਕਰੇਗੀ। ਮੌਜੂਦਾ ਪੈਮਾਨੇ ਤਹਿਤ 100 ਲਾਭਪਾਤਰੀਆਂ ਦੇ ਟੀਕੇ ਲਾ ਕੇ ਸੱਤ ਦਿਨਾਂ ਤੱਕ ਅਸਰ ਦੇਖਿਆ ਜਾਂਦਾ ਹੈ ਤੇ ਮਗਰੋਂ ਹੋਰਾਂ ਲਈ ਇਸ ਨੂੰ ਵਰਤਿਆ ਜਾਂਦਾ ਹੈ। -ਪੀਟੀਆਈ
ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ 1.64 ਕਰੋੜ ਡੋਜ਼ ਮੌਜੂਦ: ਕੇਂਦਰ
ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਕੋਵਿਡ-19 ਦੀ 1.64 ਕਰੋੜ ਡੋਜ਼ ਮੌਜੂਦ ਹੈ। ਕੇਂਦਰ ਹੁਣ ਤੱਕ ਮੁਫ਼ਤ ਤੇ ਸਿੱਧੀ ਸਰਕਾਰੀ ਖ਼ਰੀਦ ਰਾਹੀਂ 23 ਕਰੋੜ ਤੋਂ ਵੱਧ ਵੈਕਸੀਨ ਮੁਹੱਈਆ ਕਰਵਾ ਚੁੱਕਾ ਹੈ।
ਕਰੋਨਾ: ਕੇਸ ਘਟਣੇ ਜਾਰੀ, ਤਿੰਨ ਹਜ਼ਾਰ ਤੋਂ ਵੱਧ ਮੌਤਾਂ
ਨਵੀਂ ਦਿੱਲੀ: ਭਾਰਤ ਵਿਚ ਕਰੋਨਾਵਾਇਰਸ ਦੇ 1,32,788 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਮੁਲਕ ਵਿਚ ਹੁਣ ਤੱਕ ਕਰੋਨਾ ਦੇ 2,83,07,832 ਮਾਮਲੇ ਮਿਲ ਚੁੱਕੇ ਹਨ। ਕੇਸਾਂ ਦੀ ਰੋਜ਼ਾਨਾ ਦੀ ਪਾਜ਼ੇਟਿਵ ਦਰ ਹੋਰ ਡਿੱਗ ਕੇ 6.57 ਪ੍ਰਤੀਸ਼ਤ ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਤਿੰਨ ਹਜ਼ਾਰ ਤੋਂ ਵੱਧ ਹੋਰ ਮੌਤਾਂ ਹੋਈਆਂ ਹਨ। ਗੁਜ਼ਰੇ ਦਿਨ ‘ਚ 3207 ਮੌਤਾਂ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 3,35,102 ਹੋ ਗਈ ਹੈ। ਐਕਟਿਵ ਕੇਸ 20 ਲੱਖ ਤੋਂ ਘੱਟ ਹਨ। ਮੰਗਲਵਾਰ ਨੂੰ 20,19,773 ਟੈਸਟ ਕੀਤੇ ਗਏ ਹਨ। ਹੁਣ ਤੱਕ ਮੁਲਕ ਵਿਚ ਕੁੱਲ 35,00,57,330 ਟੈਸਟ ਕੀਤੇ ਜਾ ਚੁੱਕੇ ਹਨ। ਇਸ ਵੇਲੇ 17,93,645 ਜਣਿਆਂ ਦਾ ਇਲਾਜ ਚੱਲ ਰਿਹਾ ਹੈ। ਮੁਲਕ ਦੀ ਰਿਕਵਰੀ ਦਰ 92.48 ਪ੍ਰਤੀਸ਼ਤ ਹੈ। ਚੌਵੀ ਘੰਟਿਆਂ ਦੌਰਾਨ 1,01,875 ਕੇਸ ਘਟੇ ਹਨ। ਜ਼ਿਕਰਯੋਗ ਹੈ ਕਿ ਲਗਾਤਾਰ 20ਵੇਂ ਦਿਨ ਕੇਸ ਘੱਟ ਰਹੇ ਹਨ। ਲੰਘੇ 24 ਘੰਟਿਆਂ ਵਿਚ 854 ਮੌਤਾਂ ਮਹਾਰਾਸ਼ਟਰ, 490 ਤਾਮਿਲਨਾਡੂ, 464 ਕਰਨਾਟਕ, 194 ਕੇਰਲਾ, 175 ਯੂਪੀ, 137 ਪੱਛਮੀ ਬੰਗਾਲ ਤੇ 104 ਆਂਧਰਾ ਪ੍ਰਦੇਸ਼ ਵਿਚ ਹੋਈਆਂ ਹਨ। -ਪੀਟੀਆਈ
ਕਰੋਨਾ: ਪੰਜਾਬ ‘ਚ 99 ਤੇ ਹਰਿਆਣਾ ‘ਚ 78 ਮੌਤਾਂ
ਚੰਡੀਗੜ੍ਹ (ਟਨਸ): ਕਰੋਨਾਵਾਇਰਸ ਕਾਰਨ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ 99 ਅਤੇ ਹਰਿਆਣਾ ‘ਚ 78 ਮੌਤਾਂ ਹੋ ਗਈਆਂ ਹਨ। ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਪੰਜਾਬ ਵਿੱਚ ਕੁੱਲ ਗਿਣਤੀ 14,748 ਅਤੇ ਹਰਿਆਣਾ ਵਿੱਚ 8461 ‘ਤੇ ਪਹੁੰਚ ਗਈ ਹੈ। ਸਿਹਤ ਵਿਭਾਗ ਅਨੁਸਾਰ, ਪੰਜਾਬ ਵਿੱਚ ਅੱਜ 2281 ਪਾਜ਼ੇਟਿਵ ਕੇਸ ਪਾਏ ਗਏ, ਜਦਕਿ 4426 ਨੂੰ ਸਿਹਤਯਾਬ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ। ਸੂਬੇ ਵਿੱਚ 31,133 ਕੇਸ ਸਰਗਰਮ ਹਨ। ਪਿਛਲੇ 24 ਘੰਟਿਆ ਦੌਰਾਨ ਕਰੋਨਾ ਕਾਰਨ ਫਾਜ਼ਿਲਕਾ ‘ਚ ਨੌਂ, ਮੁਹਾਲੀ ਤੇ ਪਟਿਆਲਾ ‘ਚ ਅੱਠ-ਅੱਠ, ਅੰਮ੍ਰਿਤਸਰ, ਫ਼ਿਰੋਜ਼ਪੁਰ, ਮੋਗਾ ਤੇ ਸੰਗਰੂਰ ‘ਚ ਸੱਤ-ਸੱਤ, ਗੁਰਦਾਸਪੁਰ ‘ਚ ਛੇ, ਬਠਿੰਡਾ ਤੇ ਲੁਧਿਆਣਾ ‘ਚ ਪੰਜ-ਪੰਜ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਤੇ ਮੁਕਤਸਰ ‘ਚ ਚਾਰ-ਚਾਰ, ਮਾਨਸਾ ਤੇ ਤਰਨਤਾਰਨ ‘ਚ ਤਿੰਨ-ਤਿੰਨ, ਬਰਨਾਲਾ, ਫ਼ਰੀਦਕੋਟ ਤੇ ਰੋਪੜ ‘ਚ ਦੋ-ਦੋ, ਫਤਹਿਗੜ੍ਹ ਸਾਹਿਬ ਤੇ ਨਵਾਂ ਸ਼ਹਿਰ ‘ਚ ਇੱਕ-ਇੱਕ ਮੌਤ ਹੋ ਗਈ ਹੈ। ਹਰਿਆਣਾ ਵਿੱਚ ਅੱਜ 1171 ਨਵੇਂ ਕੇਸ ਸਾਹਮਣੇ ਆਏ, ਜਦਕਿ 2705 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਸੂਬੇ ਵਿੱਚ ਇਸ ਸਮੇਂ 14,668 ਕੇਸ ਸਰਗਰਮ ਹਨ।