ਨਵੀਂ ਦਿੱਲੀ, 4 ਜੂਨ
ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਗੁਣੀ ਲੋਕਾਂ ਨੂੰ ਲੱਭਣ ਲਈ ਵਿਸ਼ੇਸ਼ ਖੋਜ ਕਮੇਟੀਆਂ ਬਣਾਉਣ ਜਿਨ੍ਹਾਂ ਨੂੰ ‘ਪਦਮ ਸਨਮਾਨਾਂ’ ਲਈ ਨਾਮਜ਼ਦ ਕੀਤਾ ਜਾ ਸਕਦਾ ਹੈ। ਰਾਜਾਂ ਨੂੰ ਅਜਿਹੇ ਲੋਕਾਂ ਦੀ ਤਲਾਸ਼ ਕਰਨ ਲਈ ਕਿਹਾ ਗਿਆ ਹੈ ਜਿਨ੍ਹਾਂ ਦਾ ਯੋਗਦਾਨ ਮਿਸਾਲੀ ਹੈ ਪਰ ਉਨ੍ਹਾਂ ਦੇ ਨਾਂ ਉਤੇ ਵਿਚਾਰ ਨਹੀਂ ਕੀਤਾ ਜਾ ਸਕਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਸਰਕਾਰ ‘ਗੁਮਨਾਮ ਨਾਇਕਾਂ’ ਨੂੰ ‘ਪਦਮ’ ਪੁਰਸਕਾਰਾਂ ਨਾਲ ਸਨਮਾਨਤ ਕਰਦੀ ਰਹੀ ਹੈ ਜੋ ਸਮਾਜ ਲਈ ਵੱਖ-ਵੱਖ ਢੰਗਾਂ ਨਾਲ ਯੋਗਦਾਨ ਦੇ ਰਹੇ ਹਨ। ਗਣਤੰਤਰ ਦਿਵਸ 2022 ਨੂੰ ਦਿੱਤੇ ਜਾਣ ਵਾਲੇ ‘ਪਦਮ’ ਪੁਰਸਕਾਰਾਂ ਲਈ ਕੇਂਦਰ ਸਰਕਾਰ ਨੇ ਪਹਿਲੀ ਜੂਨ ਤੋਂ 15 ਸਤੰਬਰ ਤੱਕ ਅਰਜ਼ੀਆਂ ਮੰਗ ਲਈਆਂ ਹਨ। ਇਹ ਇਕ ਪੋਰਟਲ ਰਾਹੀਂ ਲਈਆਂ ਜਾਣੀਆਂ ਹਨ। ਕੇਂਦਰ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਕਈ ਵਿਅਕਤੀ ਨਾਮਜ਼ਦਗੀਆਂ ਤੋਂ ਇਸ ਲਈ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਉਹ ਜ਼ਿਆਦਾ ਪ੍ਰਚਾਰ ਵਿਚ ਯਕੀਨ ਨਹੀਂ ਰੱਖਦੇ ਤੇ ਲੋਕਾਂ ਦੀ ਅੱਖ ਤੋਂ ਬਚੇ ਰਹਿੰਦੇ ਹਨ। ਇਸ ਲਈ ਉਨ੍ਹਾਂ ਨੂੰ ਤਲਾਸ਼ ਕੇ ਨਾਮਜ਼ਦ ਕਰਨ ਦੀ ਲੋੜ ਹੈ। ਗ੍ਰਹਿ ਮੰਤਰਾਲੇ ਦੇ ਜਾਇੰਟ ਸਕੱਤਰ ਆਰ.ਕੇ. ਸਿੰਘ ਨੇ ਕਿਹਾ ਹੈ ਕਿ ਸਿਫਾਰਿਸ਼ਾਂ ਕੀਤੇ ਜਾਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਜਿਸ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ ਉਸ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਉਸ ਨੂੰ ਹੱਕਦਾਰ ਬਣਾਉਂਦੀਆਂ ਹੋਣ। -ਪੀਟੀਆਈ