ਸਿੰਗਾਪੁਰ: ਸਿੰਗਾਪੁਰ ਰੈੱਡ ਕਰਾਸ (ਐੱਸਆਰਸੀ) ਦੇ ਜਨਰਲ ਸਕੱਤਰ ਅਤੇ ਸੀਈਓ ਬੈਂਜਾਮਿਨ ਵਿਲੀਅਮਜ਼ ਨੇ ਕਿਹਾ ਕਿ ਸੰਸਥਾ ਵੱਲੋਂ ਭਾਰਤ ‘ਚ ਕਰੋਨਾ ਕਾਰਨ ਪੈਦਾ ਹੋਏ ਸਿਹਤ ਸੰਕਟ ਦੇ ਟਾਕਰੇ ਲਈ ਹਸਪਤਾਲਾਂ ਅਤੇ ਮੈਡੀਕਲ ਸੰਸਥਾਵਾਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਲੱਗਪਗ 38 ਕਰੋੜ ਰੁਪਏ (7 ਮਿਲੀਅਨ ਸਿੰਗਪੁਰੀ ਡਾਲਰ) ਭੇਜੇ ਜਾ ਰਹੇ ਹਨ। ਸਿੰਗਾਪੁਰ ‘ਚ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਐੱਸਆਈਸੀਸੀਆਈ) ਅਤੇ ਲਿਟਲ ਇੰਡੀਅਨ ਸ਼ਾਪਕੀਪਰਜ਼ ਐਂਡ ਹੈਰੀਟੇਜ ਐਸੋਸੀਏਸ਼ਨ (ਐੱਲਆਈਐੱਸਐੱਚਏ) ਵੱਲੋਂ ਇਕੱਠੇ ਕੀਤੇ ਲੱਗਪੱਗ 5.50 ਕਰੋੜ ਰੁਪਏ (ਇੱਕ ਮਿਲੀਅਨ ਸਿੰਗਾਪੁਰੀ ਡਾਲਰ) ਦਾ ਚੈੱਕ ਇੱਕ ਸਮਾਗਮ ਦੌਰਾਨ ਬੈਂਜਾਮਿਨ ਵਿਲੀਅਮਜ਼ ਨੂੰ ਸੌਂਪਿਆ ਗਿਆ। ਐੱਲਆਈਐੱਸਐੱਚਏ ਦੇ ਚੇਅਰਮੈਨ ਸੀ. ਸ਼ੰਕਰਨਾਥਨ ਨੇ ਚੈੱਕ ਸੌਂਪਣ ਸਬੰਧੀ ਸਮਾਗਮ ਮੌਕੇ ਕਿਹਾ, ‘ਸਿੰਗਾਪੁਰੀਆਂ ਕੋਲ ਦਾਨ ਕਾਰਨ ਵਾਲਾ ਦਿਲ ਹੈ।’ ਵਿਲੀਅਮਜ਼ ਨੇ ਕਿਹਾ, ‘ਭਾਰਤ ਦੀ ਹਾਲਤ ਬਹੁਤ ਦੁਖਦਾਈ ਹੈ। ਅਸੀਂ ਹਰ ਉਸ ਵਿਅਕਤੀ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਔਖੇ ਹਾਲਾਤ ਦਾ ਸਾਹਮਣਾ ਕਰ ਰਹੇ ਭਾਰਤ ਲਈ ਮਦਦ ਦਿੱਤੀ। ਐੱਸਆਰਸੀ ਕਰੋਨਾ ਰਾਹਤ ਫੰਡ ਤਹਿਤ ਇਕੱਠੇ ਕੀਤੇ ਲੱਗਪਗ 38 ਕਰੋੜ ਰੁਪਏ ਦਾ ਚੈੱਕ ਭਾਰਤ ‘ਚ ਆਪਣੀ ਹਮਰੁਤਬਾ ਸੰਸਥਾ ਨੂੰ ਭੇਜ ਰਿਹਾ ਹੈ।’ ਐੱਸਆਈਸੀਸੀਆਈ ਦੇ ਚੇਅਰਮੈਨ ਡਾਕਟਰ ਟੀ. ਚੰਦਰੂ ਨੇ ਫੰਡ ਇਕੱਠਾ ਕਰਨ ਦੀ ਮੁਹਿੰਮ ‘ਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਹੈ। -ਪੀਟੀਆਈ