ਅਫ਼ਗਾਨ: ਸੜਕ ਕਿਨਾਰੇ ਹੋਏ ਧਮਾਕੇ ’ਚ 11 ਹਲਾਕ

ਅਫ਼ਗਾਨ: ਸੜਕ ਕਿਨਾਰੇ ਹੋਏ ਧਮਾਕੇ ’ਚ 11 ਹਲਾਕ


ਕਾਬੁਲ, 6 ਜੂਨ

ਉੱਤਰ ਪੱਛਮੀ ਅਫ਼ਗਾਨਿਸਤਾਨ ‘ਚ ਸੜਕ ਕਿਨਾਰੇ ਕੀਤੇ ਗਏ ਧਮਾਕੇ ਦੀ ਲਪੇਟ ‘ਚ ਇੱਕ ਮਿਨੀ ਬੱਸ ਆ ਗਈ ਅਤੇ ਉਸ ‘ਚ ਸਵਾਰ ਘੱਟ ਤੋਂ ਘੱਟ 11 ਮੁਸਾਫ਼ਰਾਂ ਦੀ ਮੌਤ ਹੋ ਗਈ ਜਿਨ੍ਹਾਂ ‘ਚ ਤਿੰਨ ਬੱਚੇ ਵੀ ਸ਼ਾਮਲ ਹਨ। ਬਦਗੀਸ ਸੂਬੇ ਦੇ ਗਵਰਨਰ ਹਿਸ਼ਾਮੂਦੀਨ ਸ਼ਮਸ ਨੇ ਦੱਸਿਆ ਕਿ ਬੰਬ ਧਮਾਕੇ ਮਗਰੋਂ ਮਿਨੀ ਬੱਸ ਇੱਕ ਖੱਡ ‘ਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਬਚਾਅ ਟੀਮਾਂ ਅਜੇ ਵੀ ਘਾਟੀ ‘ਚ ਲਾਸ਼ਾਂ ਦੀ ਭਾਲ ਕਰ ਰਹੀਆਂ ਹਨ। ਇਸ ਧਮਾਕੇ ਦੀ ਅਜੇ ਤੱਕ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਇਹ ਬੰਬ ਤਾਲਿਬਾਨ ਨੇ ਰੱਖਿਆ ਹੋ ਸਕਦਾ ਹੈ। ਤਾਲਿਬਾਨ ਵੱਲੋਂ ਇਸ ਮਾਮਲੇ ‘ਚ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਇਸੇ ਦੌਰਾਨ ਉੱਤਰੀ ਫਰਿਆਬ ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹਫ਼ਤੇ ਦੀ ਲੜਾਈ ਮਗਰੋਂ ਕੈਸਰ ਜ਼ਿਲ੍ਹੇ ‘ਤੇ ਤਾਲਿਬਾਨੀ ਲੜਾਕਿਆਂ ਦਾ ਕੰਟਰੋਲ ਸਥਾਪਤ ਹੋ ਗਿਆ ਹੈ। ਸੂਬਾਈ ਕੌਂਸਲ ਦੇ ਮੁਖੀ ਮੁਹੰਮਦ ਤਾਹਿਰ ਰਹਿਮਾਨੀ ਨੇ ਦੱਸਿਆ ਕਿ ਇਸ ਲੜਾਈ ‘ਚ ਸੂਬਾਈ ਪੁਲੀਸ ਮੁਖੀ ਸੈਫੁਲ ਰਹਿਮਾਨ ਸਮੇਤ ਸੱਤ ਪੁਲੀਸ ਮੁਲਾਜ਼ਮ ਮਾਰੇ ਗਏ ਹਨ। ਰਹਿਮਾਨੀ ਨੇ ਕਿਹਾ ਕਿ ਜ਼ਿਲ੍ਹਾ ਪਹਿਲਾਂ ਹੀ ਤਾਲਿਬਾਨ ਦੇ ਕਬਜ਼ੇ ‘ਚ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਤਾਲਿਬਾਨ ਨੇ 37 ਪੁਲੀਸ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ ਹੈ। -ਏਪੀ



Source link