ਕੇਂਦਰ ਨੇ ਕੋਵੀਸ਼ੀਲਡ ਤੇ ਕੋਵੈਕਸੀਨ ਦੀਆਂ 44 ਕਰੋੜ ਡੋਜ਼ਾਂ ਦਾ ਆਰਡਰ ਦਿੱਤਾ

ਕੇਂਦਰ ਨੇ ਕੋਵੀਸ਼ੀਲਡ ਤੇ ਕੋਵੈਕਸੀਨ ਦੀਆਂ 44 ਕਰੋੜ ਡੋਜ਼ਾਂ ਦਾ ਆਰਡਰ ਦਿੱਤਾ
ਕੇਂਦਰ ਨੇ ਕੋਵੀਸ਼ੀਲਡ ਤੇ ਕੋਵੈਕਸੀਨ ਦੀਆਂ 44 ਕਰੋੜ ਡੋਜ਼ਾਂ ਦਾ ਆਰਡਰ ਦਿੱਤਾ


ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਸ ਵੱਲੋਂ ਕੋਵੀਸ਼ੀਲਡ ਅਤੇ ਕੋਵੈਕਸੀਨ ਦੀਆਂ 44 ਕਰੋੜ ਡੋਜ਼ਾਂ ਦਾ ਆਰਡਰ ਦੇ ਦਿੱਤਾ ਗਿਆ ਹੈ। ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਕੇਂਦਰ ਵੱਲੋਂ ਸੂਬਿਆਂ ਦਾ ਵੈਕਸੀਨ ਕੋਟਾ ਵੀ ਖ਼ੁਦ ਖਰੀਦਿਆ ਜਾਵੇਗਾ ਤੇ 18 ਸਾਲ ਤੋਂ ਉੱਪਰ ਦੇ ਸਾਰੇ ਵਿਅਕਤੀਆਂ ਦੇ ਟੀਕਾਕਰਨ ਲਈ ਸੂਬਾ ਸਰਕਾਰਾਂ ਨੂੰ ਮੁਫ਼ਤ ਵੈਕਸੀਨ ਮੁਹੱਈਆ ਕਰਵਾਈ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਵਿਡ- 19 ਵੈਕਸੀਨ ਦੀਆਂ ਇਹ 44 ਕਰੋੜ ਡੋਜ਼ਾਂ ਇਨ੍ਹਾਂ ਦੇ ਨਿਰਮਾਤਾਵਾਂ ਵੱਲੋਂ ਅਗਸਤ ਤੇ ਦਸੰਬਰ 2021 ਦਰਮਿਆਨ ਦੇ ਦਿੱਤੀਆਂ ਜਾਣਗੀਆਂ। ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ,’ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨ ਕੌਮੀ ਕੋਵਿਡ ਟੀਕਾਕਰਨ ਪ੍ਰੋਗਰਾਮ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਇਨ੍ਹਾਂ ਤਬਦੀਲੀਆਂ ਦੇ ਐਲਾਨ ਮਗਰੋਂ ਕਾਰਵਾਈ ਕਰਦਿਆਂ ਕੇਂਦਰ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ ਕੋਵੀਸ਼ੀਲਡ ਦੀਆਂ 25 ਕਰੋੜ ਡੋਜ਼ਾਂ ਤੇ ਭਾਰਤ ਇਨਫੋਟੈੱਕ ਨੂੰ ਕੋਵੈਕਸੀਨ ਦੀਆਂ 19 ਕਰੋੜ ਡੋਜ਼ਾਂ ਦਾ ਆਰਡਰ ਦੇ ਦਿੱਤਾ ਹੈ। ਇਸ ਤੋਂ ਇਲਾਵਾ, ਦੋਵਾਂ ਵੈਕਸੀਨਾਂ ਦੀ ਖਰੀਦ ਲਈ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੇ ਭਾਰਤ ਬਾਇਓਟੈੱਕ ਨੂੰ 30 ਫ਼ੀਸਦੀ ਅਦਾਇਗੀ ਕੀਤੀ ਜਾ ਚੁੱਕੀ ਹੈ।’ ਅਧਿਕਾਰੀ ਨੇ ਕਿਹਾ ਕਿ ਇਸ ਵਰ੍ਹੇ 16 ਜਨਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਕੇਂਦਰ ਸਰਕਾਰ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਚਲਾਈ ਜਾ ਰਹੀ ਹੈ। -ਪੀਟੀਆਈ

ਸੂਬਿਆਂ ਕੋਲ ਅਜੇ ਵੀ 1.19 ਕਰੋੜ ਤੋਂ ਵੱਧ ਕੋਵਿਡ- 19 ਡੋਜ਼ਾਂ: ਕੇਂਦਰ ਸਰਕਾਰ

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ 1.19 ਕਰੋੜ ਤੋਂ ਵੱਧ ਕੋਵਿਡ- 19 ਡੋਜ਼ਾਂ ਮੌਜੂਦ ਹਨ। ਭਾਰਤ ਸਰਕਾਰ ਤੇ ਸੂਬਿਆਂ ਵੱਲੋਂ ਸਿੱਧੀ ਖਰੀਦ ਰਾਹੀਂ ਸੂਬਿਆਂ ਤੇ ਯੂਟੀਜ਼ ਨੂੰ ਹੁਣ ਤੱਕ 24 ਕਰੋੜ ਤੋਂ ਵੱਧ ਵੈਕਸੀਨ ਡੋਜ਼ਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ‘ਚੋਂ ਕੁੱਲ 23,47,43,489 ਡੋਜਾਂ ਦੀ ਖਪਤ ਹੋਈ ਹੈ, ਜਿਸ ਵਿੱਚ ਖਰਾਬ ਹੋਈਆਂ ਵੈਕਸੀਨ ਡੋਜਾਂ ਵੀ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ 1.19 ਕਰੋੜ ਤੋਂ ਵੱਧ ਕੋਵਿਡ- 19 ਡੋਜ਼ਾਂ ਮੌਜੂਦ ਹਨ। -ਪੀਟੀਆਈSource link