ਵੈਕਸੀਨ ਖ਼ਰੀਦ ਬਾਰੇ ਅਸਪੱਸ਼ਟਤਾ ਕਾਰਨ ਪ੍ਰਾਈਵੇਟ ਹਸਪਤਾਲ ਪ੍ਰੇਸ਼ਾਨ

ਵੈਕਸੀਨ ਖ਼ਰੀਦ ਬਾਰੇ ਅਸਪੱਸ਼ਟਤਾ ਕਾਰਨ ਪ੍ਰਾਈਵੇਟ ਹਸਪਤਾਲ ਪ੍ਰੇਸ਼ਾਨ


ਨਵੀਂ ਦਿੱਲੀ, 13 ਜੂਨ

ਦੇਸ਼ ਦੇ ਕਈ ਪ੍ਰਾਈਵੇਟ ਹਸਪਤਾਲਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ ਗਈ ਨਵੀਂ ਨੀਤੀ ਤਹਿਤ ਕੋਵਿਡ-19 ਵੈਕਸੀਨ ਦੀ ਖ਼ਰੀਦ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਖ਼ਰੀਦ ਨੀਤੀ ਕਾਰਨ ਉਨ੍ਹਾਂ ਦੇ ਕੇਂਦਰਾਂ ‘ਤੇ ਟੀਕਾਕਰਨ ਮੁਹਿੰਮ ਰੁਕੀ ਹੋਈ ਹੈ। ਹਸਪਤਾਲਾਂ ਨੇ ਮੰਗ ਕੀਤੀ ਹੈ ਕਿ ਵੈਕਸੀਨ ਖੁਰਾਕਾਂ ਦੀ ਖ਼ਰੀਦ ਲਈ ਸਿੰਗਲ ਵਿੰਡੋ ਪ੍ਰਣਾਲੀ ਅਤੇ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਪ੍ਰਾਈਵੇਟ ਹਸਪਤਾਲਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਭਾਰਤ ਬਾਇਓਟੈੱਕ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਸੂਬਾ ਸਰਕਾਰਾਂ ਕੋਲ ਵੀ ਪਹੁੰਚ ਕੀਤੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ। ਬੱਤਰਾ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਐੱਸ ਸੀ ਐੱਲ ਗੁਪਤਾ ਨੇ ਕਿਹਾ,”ਅਸੀਂ ਵੈਕਸੀਨ ਕਿਵੇਂ ਖ਼ਰੀਦੀਏ, ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਅਸੀਂ ਜਦੋਂ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਪੁੱਛਦੇ ਹਾਂ ਤਾਂ ਉਹ ਆਖਦੇ ਹਨ ਕਿ 21 ਜੂਨ ਤੱਕ ਉਡੀਕ ਕਰੋ ਕਿਉਂਕਿ ਨੀਤੀ ਸਪੱਸ਼ਟ ਨਹੀਂ ਹੈ।” ਉਨ੍ਹਾਂ ਕਿਹਾ ਕਿ ਇਸ ਦਾ ਨੁਕਸਾਨ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਸਰੋਜ ਹਸਪਤਾਲ ਦੇ ਪੀ ਕੇ ਭਾਰਦਵਾਜ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਪਾਰਦਰਸ਼ੀ ਅਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਦੇਣੇ ਚਾਹੀਦੇ ਹਨ ਤਾਂ ਜੋ ਮਰੀਜ਼ਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਲੱਗ ਸਕੇ। ਸ਼ੇਖਾਵਤੀ ਹਸਪਤਾਲ, ਜੈਪੁਰ ਦੇ ਐੱਮਡੀ ਸਰਵੇਸ਼ ਸਰਨ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਨਿਰਮਾਤਾਵਾਂ ਨੇ ਕਿਹਾ ਕਿ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਸਿੱਧੇ ਵੈਕਸੀਨ ਸਪਲਾਈ ਨਾ ਕਰਨ ਲਈ ਕਿਹਾ ਹੈ। -ਪੀਟੀਆਈ

ਸੂਬਿਆਂ ਨੂੰ ਅਗਲੇ ਤਿੰਨ ਦਿਨਾਂ ‘ਚ 4 ਲੱਖ ਤੋਂ ਜ਼ਿਆਦਾ ਹੋਰ ਟੀਕੇ ਮਿਲਣਗੇ

ਨਵੀਂ ਦਿੱਲੀ: ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨੂੰ ਅਗਲੇ ਤਿੰਨ ਦਿਨਾਂ ਦੇ ਅੰਦਰ ਅੰਦਰ ਕਰੋਨਾ ਵੈਕਸੀਨ ਦੀਆਂ ਚਾਰ ਲੱਖ ਤੋਂ ਜ਼ਿਆਦਾ (4,48,760) ਖੁਰਾਕਾਂ ਮਿਲਣਗੀਆਂ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਸੂਬਿਆਂ ਅਤੇ ਯੂਟੀਜ਼ ਕੋਲ ਅਜੇ ਵੀ 1.53 ਕਰੋੜ ਤੋਂ ਜ਼ਿਆਦਾ (1,53,79,233) ਖੁਰਾਕਾਂ ਪਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੂਬਿਆਂ ਅਤੇ ਯੂਟੀਜ਼ ਨੂੰ 26 ਕਰੋੜ ਤੋਂ ਜ਼ਿਆਦਾ (26,64,84,350) ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। -ਪੀਟੀਆਈ

ਕਰੋਨਾ: 71 ਦਿਨਾਂ ਬਾਅਦ ਸਭ ਤੋਂ ਘੱਟ 80,834 ਨਵੇਂ ਕੇਸ ਆਏ

ਨਵੀਂ ਦਿੱਲੀ: ਦੇਸ਼ ‘ਚ ਕਰੋਨਾਵਾਇਰਸ ਦੇ 71 ਦਿਨਾਂ ਬਾਅਦ ਸਭ ਤੋਂ ਘੱਟ 80,834 ਨਵੇਂ ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਰੋਜ਼ਾਨਾ ਦੀ ਪਾਜ਼ੇਟੀਵਿਟੀ ਦਰ ਵੀ ਡਿੱਗ ਕੇ 4.25 ਫ਼ੀਸਦ ‘ਤੇ ਪਹੁੰਚ ਗਈ ਹੈ। ਲਗਾਤਾਰ 31ਵੇਂ ਦਿਨ ਨਵੇਂ ਕੇਸਾਂ ਦੇ ਮੁਕਾਬਲੇ ‘ਚ ਕਰੋਨਾ ਤੋਂ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਕਿਤੇ ਵੱਧ ਰਹੀ। ਪਿਛਲੇ 24 ਘੰਟੇ ‘ਚ ਆਏ ਨਵੇਂ ਕੇਸਾਂ ਨਾਲ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2,94,39,989 ਹੋ ਗਈ ਹੈ। ਬੀਤੇ ਇਕ ਦਿਨ ‘ਚ ਕਰੋਨਾ ਕਾਰਨ 3,303 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਨਾਲ ਮੌਤਾਂ ਦਾ ਅੰਕੜਾ 3,70,384 ‘ਤੇ ਪਹੁੰਚ ਗਿਆ ਹੈ। ਕੌਮੀ ਰਿਕਵਰੀ ਦਰ ‘ਚ ਵੀ ਸੁਧਾਰ ਹੋਇਆ ਹੈ ਅਤੇ ਇਹ 95.26 ਫ਼ੀਸਦ ਹੋ ਗਈ ਹੈ। ਸਰਗਰਮ ਕੇਸ ਘੱਟ ਕੇ 10,26,159 ਰਹਿ ਗਏ ਹਨ।



Source link