ਭੋਪਾਲ, 14 ਜੂਨ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਭ੍ਰਿਸ਼ਟਾਚਾਰ ਦਾ ਭਾਂਡਾ ਭੰਨਣ ਵਾਲੇ ਪੱਤਰਕਾਰਾਂ ਖ਼ਿਲਾਫ਼ ‘ਤਾਨਾਸ਼ਾਹੀ ਰਵੱਈਆ’ ਅਪਣਾ ਰਹੀ ਹੈ। ਸੀਪੀਆਈ (ਐੱਮ) ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਥਿਤ ਪ੍ਰਸ਼ਾਸਨਿਕ ਭ੍ਰਿਸ਼ਟਾਚਾਰ ਜਾਂ ਸਰਕਾਰ ਖ਼ਿਲਾਫ਼ ਸੱਚੀਆਂ ਖ਼ਬਰਾਂ ਲੋਕਾਂ ਸਾਹਮਣੇ ਲਿਆਉਣ ‘ਤੇ ਪਿਛਲੇ ਦੋ ਮਹੀਨਿਆਂ ‘ਚ ਸੂਬੇ ਅੰਦਰ ਅੱਠ ਪੱਤਰਕਾਰਾਂ ਖ਼ਿਲਾਫ਼ ਐੱਫਆਈਆਰ ਦਰਜ ਹੋਈਆਂ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਮਗਰੋਂ ਪਹਿਲੀ ਵਾਰ ਮੀਡੀਆ ‘ਤੇ ਇੰਨਾ ਵੱਡਾ ਹਮਲਾ ਹੋਇਆ ਹੈ। ਸੀਪੀਆਈ ਨੇਤਾ ਨੇ ਵੱਖ-ਵੱਖ ਥਾਈਂ ਪੱਤਰਕਾਰਾਂ ‘ਤੇ ਦਰਜ ਕੇਸਾਂ ਦਾ ਜ਼ਿਕਰ ਕਰਦਿਆਂ ਸਾਰੀਆਂ ਸਿਆਸੀ ਪਾਰਟੀਆਂ, ਸਮਾਜਿਕ ਸੰਗਠਨਾਂ ਅਤੇ ਬੁੱਧੀਜੀਵੀਆਂ ਨੂੰ ਸਮੂਹਿਕ ਤੌਰ ‘ਤੇ ਸਰਕਾਰ ਦੀ ਅਜਿਹੀ ਕਾਰਵਾਈ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। -ਪੀਟੀਆਈ