ਟਵਿੱਟਰ ਨੂੰ ‘ਕੰਟਰੋਲ’ ਕਰਨ ਦੀਆਂ ਕੋਸ਼ਿਸ਼ਾਂ ਦੀ ਮਮਤਾ ਵੱਲੋਂ ਨਿਖੇਧੀ

ਟਵਿੱਟਰ ਨੂੰ ‘ਕੰਟਰੋਲ’ ਕਰਨ ਦੀਆਂ ਕੋਸ਼ਿਸ਼ਾਂ ਦੀ ਮਮਤਾ ਵੱਲੋਂ ਨਿਖੇਧੀ


ਕੋਲਕਾਤਾ, 17 ਜੂਨ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਟਵਿੱਟਰ ਨੂੰ ‘ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ’ ਦੀ ਨਿੰਦਾ ਕੀਤੀ ਅਤੇ ਦਾਅਵਾ ਕੀਤਾ ਕਿ ਕੇਂਦਰ, ਮਾਈਕ੍ਰੋਬਲਾਗਿੰਗ ਪਲੇੈਟਫਾਰਮ ਨੂੰ ਪ੍ਰਭਾਵਿਤ ਕਰਨ ਵਿੱਚ ਅਸਫਲ ਰਿਹਾ ਹੈ, ਹੁਣ ਇਸ ਨੂੰ ਪ੍ਰਭਾਵਹੀਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਇਸ ਦੀ ਤੁਲਨਾ ਆਪਣੀ ਸਰਕਾਰ ਨਾਲ ਕਰਦਿਆਂ ਕਿਹਾ, ”ਕੇਂਦਰ ਉਨ੍ਹਾਂ ਦੀ ਸਰਕਾਰ ਨਾਲ ਵੀ ਅਜਿਹਾ ਹੀ ਕਰ ਰਿਹਾ ਹੈ। ਮੈਂ ਇਸ ਦੀ ਨਿਖੇਧੀ ਕਰਦੀ ਹਾਂ; ਉਹ ਟਵਿੱਟਰ ਨੂੰ ਕੰਟਰੋਲ ਨਹੀਂ ਕਰ ਸਕਦੇ ਤੇ ਹੁਣ ਇਸ ਨੂੰ ਪ੍ਰਭਾਵਹੀਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।” ਬੈਨਰਜੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ (ਕੇਂਦਰ) ਉਨ੍ਹਾਂ ਸਾਰਿਆਂ ਨਾਲ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਪ੍ਰਭਾਵਿਤ ਕਰਨ ਵਿੱਚ ਉਹ ਅਸਮਰੱਥ ਹੈ। ਉਨ੍ਹਾਂ ਕਿਹਾ ,” ਉਹ ਮੈਨੂੰ ਕਾਬੂ ਨਹੀਂ ਕਰ ਸਕਦੇ ਅਤੇ ਇਸੇ ਲਈ ਉਹ ਮੇਰੀ ਸਰਕਾਰ ਨਾਲ ਵੀ ਅਜਿਹਾ ਕਰ ਰਹੇ ਹਨ।”

ਕਾਬਿਲੇਗੌਰ ਹੈ ਕਿ ਸ਼ੋਸ਼ਲ ਮੀਡੀਆ ਸਾਈਟ ਟਵਿੱਟਰ ਦੀ ਮੁਲਕ ਦੇ ਆਈਟੀ ਨਿਯਮਾਂ ਦਾ ਪਾਲਣ ਅਤੇ ਨਵੇਂ ਨਿਰਦੇਸ਼ਾਂ ਤਹਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਅਧਿਕਾਰੀ ਨਾ ਨਿਯੁਕਤ ਕਰਨ ਕਾਰਨ ਕਾਨੂੰਨੀ ਘੇਰੇ ਤੋਂ ਮਿਲੀ ਛੋਟ ਖ਼ਤਮ ਹੋ ਗਈ ਹੈ। ਹੁਣ ਤੀਜੀ ਧਿਰ ਦੀ ਗੈਰਕਾਨੂੰਨੀ ਸਮੱਗਰੀ ਕਾਰਨ ਟਵਿੱਟਰ ‘ਤੇ ਵੀ ਆਈਪੀਸੀ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਪੱਛਮੀ ਬੰਗਾਲ ਵਿੱਚ ਰਾਜਨੀਤਕ ਹਿੰਸਾ ਜਾਰੀ ਰਹਿਣ ਦੇ ਭਾਜਪਾ ਦੇ ਦੋਸ਼ਾਂ ਬਾਰੇ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਭਗਵਾ ਪਾਰਟੀ ਦੀ ‘ਚਾਲ’ ਹੈ ਅਤੇ ਉਸ ਦੇ ਦਾਅਵੇ ‘ਅਧਾਰਹੀਣ’ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕੋਈ ਸਿਆਸੀ ਹਿੰਸਾ ਨਹੀਂ ਹੋ ਰਹੀ। ਇਕ-ਦੋ ਛੋਟੀਆਂ ਘਟਨਾਵਾਂ ਹੋ ਸਕਦੀਆਂ ਹਨ ਪਰ ਉਨ੍ਹਾਂ ਨੂੰ ਸਿਆਸੀ ਹਿੰਸਾ ਨਹੀਂ ਕਿਹਾ ਜਾ ਸਕਦਾ। -ਪੀਟੀਆਈ



Source link