ਭਾਰਤ ਹਿੰਦ-ਪ੍ਰਸ਼ਾਂਤ ਖਿੱਤੇ ’ਚ ਨੇਮ ਆਧਾਰਿਤ ਪ੍ਰਬੰਧ ਦਾ ਹਮਾਇਤੀ: ਰਾਜਨਾਥ

ਭਾਰਤ ਹਿੰਦ-ਪ੍ਰਸ਼ਾਂਤ ਖਿੱਤੇ ’ਚ ਨੇਮ ਆਧਾਰਿਤ ਪ੍ਰਬੰਧ ਦਾ ਹਮਾਇਤੀ: ਰਾਜਨਾਥ
ਭਾਰਤ ਹਿੰਦ-ਪ੍ਰਸ਼ਾਂਤ ਖਿੱਤੇ ’ਚ ਨੇਮ ਆਧਾਰਿਤ ਪ੍ਰਬੰਧ ਦਾ ਹਮਾਇਤੀ: ਰਾਜਨਾਥ


ਨਵੀਂ ਦਿੱਲੀ, 16 ਜੂਨ

ਸਮੁੰਦਰੀ ਇਲਾਕਿਆਂ ‘ਚ ਸੁਰੱਖਿਆ ਚੁਣੌਤੀਆਂ ਨੂੰ ਲੈ ਕੇ ਭਾਰਤ ਦੀ ਚਿੰਤਾ ਦਾ ਜ਼ਿਕਰ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਨੇਮ ਆਧਾਰਿਤ ਪ੍ਰਬੰਧਾਂ ਦਾ ਬੁੱਧਵਾਰ ਨੂੰ ਸੱਦਾ ਦਿੰਦਿਆਂ ਦੱਖਣੀ ਚੀਨ ਸਾਗਰ ਸਮੇਤ ਕੌਮਾਂਤਰੀ ਸਮੁੰਦਰੀ ਮਾਰਗਾਂ ‘ਚ ਨੇਵੀਗੇਸ਼ਨ, ਸਮੁੰਦਰੀ ਖ਼ਿੱਤੇ ‘ਚ ਉਡਾਣਾਂ ਅਤੇ ਬਿਨਾਂ ਕਿਸੇ ਰੁਕਾਵਟ ਦੇ ਵਪਾਰ ਦੀ ਆਜ਼ਾਦੀ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ-ਪਲੱਸ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਦੱਖਣੀ ਚੀਨ ਸਾਗਰ ‘ਚ ਵਾਪਰੀਆਂ ਘਟਨਾਵਾਂ ਨੇ ਖ਼ਿੱਤੇ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਦਾ ਇਹ ਪ੍ਰਤੀਕਰਮ ਸਮੁੰਦਰੀ ਮਾਰਗਾਂ ‘ਚ ਚੀਨ ਦੇ ਹਮਲਾਵਰ ਰਵੱਈਏ ਵੱਲ ਸੀ। ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਅਤਿਵਾਦ ਤੇ ਕੱਟੜਵਾਦ ਆਲਮੀ ਸ਼ਾਂਤੀ ਅਤੇ ਸੁਰੱਖਿਆ ਲਈ ਵੱਡਾ ਖ਼ਤਰਾ ਹਨ। ਉਨ੍ਹਾਂ ਅਤਿਵਾਦੀ ਜਥੇਬੰਦੀਆਂ ਅਤੇ ਉਨ੍ਹਾਂ ਦੇ ਨੈੱਟਵਰਕ ਤੋੜਨ ਲਈ ਸਾਂਝੇ ਤੌਰ ‘ਤੇ ਯਤਨ ਕਰਨ ਦੀ ਵਕਾਲਤ ਕੀਤੀ। ਚੀਨ ਅਤੇ ਹੋਰ ਕਿਸੇ ਮੁਲਕ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਨਵੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ ਪੁਰਾਣੀ ਪ੍ਰਣਾਲੀਆਂ ਨਾਲ ਨਹੀਂ ਸੁਲਝਾਇਆ ਜਾ ਸਕਦਾ ਹੈ। ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਗੱਲ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇ ਖ਼ਿੱਤੇ ‘ਚ ਸਹਿਕਾਰੀ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਪਾਕਿਸਤਾਨ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਜਿਹੜੇ ਮੁਲਕ ਅਤਿਵਾਦ ਨੂੰ ਉਤਸ਼ਾਹਿਤ, ਹਮਾਇਤ, ਵਿੱਤੀ ਸਾਧਨ ਅਤੇ ਪਨਾਹ ਮੁਹੱਈਆ ਕਰਾਉਂਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਐਕਸ਼ਨ ਟਾਸਕ ਫੋਰਸ ਦਾ ਮੈਂਬਰ ਹੋਣ ਦੇ ਨਾਤੇ ਭਾਰਤ ਅਤਿਵਾਦ ਨੂੰ ਵਿੱਤੀ ਮਦਦ ਦੇਣ ਖ਼ਿਲਾਫ਼ ਵਚਨਬੱਧ ਹੈ। ਕਰੋਨਾਵਾਇਰਸ ਸੰਕਟ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਲਾਗ ਦੀ ਦੂਜੀ ਲਹਿਰ ਤੋਂ ਉਭਰ ਰਿਹਾ ਹੈ। ਉਨ੍ਹਾਂ ਦੁਨੀਆ ਨੂੰ ਸੱਦਾ ਦਿੱਤਾ ਕਿ ਉਹ ਮੁਲਕਾਂ ਨੂੰ ਪੇਟੈਂਟ ਮੁਕਤ ਵੈਕਸੀਨ ਮੁਹੱਈਆ ਕਰਾਉਣ ‘ਤੇ ਧਿਆਨ ਦੇਣ। -ਪੀਟੀਆਈSource link