ਨਵੀਂ ਦਿੱਲੀ, 17 ਜੂਨ
ਗਾਜ਼ੀਆਬਾਦ ਵਿੱਚ 5 ਜੂਨ ਨੂੰ ਬਜ਼ੁਰਗ ਮੁਸਲਮਾਨ ‘ਤੇ ਹਮਲੇ ਨਾਲ ਸਬੰਧਤ ਸੋਸ਼ਲ ਮੀਡੀਆ ‘ਤੇ ਪਾਈਆਂ ਪੋਸਟਾਂ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੂੰ ਅਦਾਕਾਰਾ ਸਵਰਾ ਭਾਸਕਰ, ਟਵਿੱਟਰ ਇੰਡੀਆ ਦੇ ਐੱਮਡੀ ਮਨੀਸ਼ ਮਹੇਸ਼ਵਰੀ, ਪੱਤਰਕਾਰ ਆਰਿਫ ਖ਼ਾਨਮ ਸ਼ੇਰਵਾਨੀ ਤੇ ਹੋਰਨਾਂ ਖਿਲਾਫ਼ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਖ਼ਿਲਾਫ਼ ਬਿਨਾਂ ਤੱਥਾਂ ਦੀ ਜਾਂਚ ਕੀਤਿਆਂ ਘਟਨਾ ਨੂੰ ਫ਼ਿਰਕੂ ਰੰਗਤ ਦੇਣ ਲਈ ਸ਼ਿਕਾਇਤ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਿਕਾਇਤ ਦੀ ਜਾਂਚ ਕਰ ਰਹੇ ਹਨ ਤੇ ਉਸ ਤੋਂ ਬਾਅਦ ਹੀ ਕੇਸ ਦਰਜ ਕੀਤਾ ਜਾਵੇਗਾ। ਪੁਲੀਸ ਮੁਤਾਬਕ ਸ਼ਿਕਾਇਤ ਤਿਲਕ ਮਾਰਗ ਪੁਲੀਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘ਸਾਨੂੰ ਸਵਰਾ ਭਾਸਕਰ, ਟਵਿੱਟਰ ਇੰਡੀਆ ਦੇ ਐੱਮਡੀ ਮਨੀਸ਼ ਮਹੇਸ਼ਵਰੀ ਤੇ ਹੋਰਨਾਂ ਖ਼ਿਲਾਫ਼ ਤਿਲਕ ਨਗਰ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਮਿਲੀ ਹੈ। ਇਸ ਦੀ ਜਾਂਚ ਜਾਰੀ ਹੈ।’ ਸ਼ਿਕਾਇਤ ਬਾਰੇ ਫੌਰੀ ਅਜੇ ਹੋਰ ਜਾਣਕਾਰੀ ਨਹੀਂ ਮਿਲ ਸਕੀ। ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਵੀਡੀਓ ਵਿੱਚ ਬਜ਼ੁਰਗ ਮੁਸਲਮਾਨ ਨੇ ਗਾਜ਼ੀਆਬਾਦ ਦੇ ਲੋਨੀ ਖੇਤਰ ਵਿੱਚ ਚਾਰ ਲੋਕਾਂ ‘ਤੇ ਉਸ ਦੀ ਕੁੱਟਮਾਰ ਕਰਨ, ਦਾੜ੍ਹੀ ਕੱਟਣ ਤੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਉਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ। ਗਾਜ਼ੀਆਬਾਦ ਪੁਲੀਸ ਨੇ ਕਿਹਾ ਕਿ ਉਹ 5 ਜੂਨ ਨੂੰ ਵਾਪਰੀ ਇਸ ਕਥਿਤ ਘਟਨਾ ਨੂੰ ਲੈ ਕੇ ਪਹਿਲਾਂ ਹੀ ਐੱਫਆਈਆਰ ਦਰਜ ਕਰ ਚੁੱਕੀ ਹੈ, ਪਰ ਇਹ ਮਾਮਲਾ ਘਟਨਾ ਵਾਪਰਨ ਤੋਂ ਦੋ ਦਿਨ ਮਗਰੋਂ ਪੁਲੀਸ ਕੋਲ ਰਿਪੋਰਟ ਹੋਇਆ ਸੀ। ਗਾਜ਼ੀਆਬਾਦ ਦੇ ਐੱਸਪੀ ਅਮਿਤ ਪਾਠਕ ਨੇ ਕਿਹਾ ਕਿ ਸੀ ਕਿ ਪੀੜਤ ਅਬਦੁਲ ਸਮਦ, ਜੋ ਬੁਲੰਦਸ਼ਹਿਰ ਦਾ ਵਸਨੀਕ ਹੈ, ਵੱਲੋਂ 7 ਜੂਨ ਨੂੰ ਦਾਇਰ ਐੱਫਆਈਆਰ ਵਿੱਚ ਜੈ ਸ੍ਰੀ ਰਾਮ ਦਾ ਨਾਅਰਾ ਲਾਉਣ ਲਈ ਮਜਬੂਰ ਕਰਨ ਤੇ ਉਹਦੀ ਦਾੜ੍ਹੀ ਕੱਟਣ ਸਬੰਧੀ ਕੋਈ ਦੋਸ਼ ਨਹੀਂ ਲਾਇਆ। ਉੱਤਰ ਪ੍ਰਦੇਸ਼ ਪੁਲੀਸ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਕਲਿੱਪ ਸਾਂਝੀ ਕਰਨ ਲਈ ਟਵਿੱਟਰ ਇੰਕ, ਟਵਿੱਟਰ ਕਮਿਊਨੀਕੇਸ਼ਨਜ਼ ਇੰਡੀਆ, ਨਿਊਜ਼ ਪੋਰਟਲ ‘ਦਿ ਵਾਇਰ’, ਪੱਤਰਕਾਰ ਮੁਹੰਮਦ ਜ਼ੁਬੇਰ ਤੇ ਰਾਣਾ ਅਯੂਬ ਤੇ ਸੀਨੀਅਰ ਪੱਤਰਕਾਰ ਤੇ ਲੇਖਕ ਸਬਾ ਨਕਵੀ ਤੋਂ ਇਲਾਵਾ ਸੀਨੀਅਰ ਕਾਂਗਰਸ ਆਗੂਆਂ ਸਲਮਾਨ ਨਿਜ਼ਾਮੀ, ਮਸਕੂਰ ਉਸਮਾਨੀ ਤੇ ਸਮਾ ਮੁਹੰਮਦ ਖਿਲਾਫ਼ ਕੇਸ ਦਰਜ ਕੀਤਾ ਹੈ। -ਪੀਟੀਆਈ
ਟੂਲਕਿੱਟ: ਦਿੱਲੀ ਪੁਲੀਸ ਨੇ ਟਵਿੱਟਰ ਇੰਡੀਆ ਦੇ ਐੱਮਡੀ ਤੋਂ ਕੀਤੀ ਸੀ ਪੁੱਛਗਿੱਛ
ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਟਵਿੱਟਰ ਇੰਡੀਆ ਦੇ ਪ੍ਰਬੰਧਕੀ ਨਿਰਦੇਸ਼ਕ (ਐੱਮਡੀ) ਮਨੀਸ਼ ਮਹੇਸ਼ਵਰੀ ਤੋਂ ‘ਕੋਵਿਡ ਟੂਲਕਿੱਟ ਕੇਸ’ ਦੀ ਆਪਣੀ ਜਾਂਚ ਨੂੰ ਲੈ ਕੇ ਪਿਛਲੇ ਮਹੀਨੇ ਪੁੱਛ-ਪੜਤਾਲ ਕੀਤੀ ਸੀ। ਅਧਿਕਾਰੀਆਂ ਨੇ ਹਾਲਾਂਕਿ ਇਸ ਬਾਰੇ ਬਹੁਤੀ ਤਫ਼ਸੀਲ ਨਹੀਂ ਦਿੱਤੀ, ਪਰ ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਮਹੇਸ਼ਵਰੀ ਤੋਂ ਵਰਤੋਕਾਰਾਂ ਦੇ ਟਵੀਟਾਂ ਨੂੰ ‘ਮੈਨੀਪੁਲੇਟਡ ਮੀਡੀਆ’ ਵਜੋਂ ਟੈਗ ਕਰਨ ਮਗਰਲੀ ਕੰਪਨੀ ਦੀ ਪਾਲਿਸੀ ਬਾਰੇ ਸਵਾਲ ਵੀ ਕੀਤੇ ਗਏ ਸਨ। ਚੇਤੇ ਰਹੇ ਕਿ ਟਵਿੱਟਰ ਨੇ ਭਾਜਪਾ ਤਰਜਮਾਨ ਸੰਬਿਤ ਪਾਤਰਾ ਵੱਲੋਂ ‘ਕੋਵਿਡ ਟੂਲਕਿੱਟ’ ਬਾਰੇ ਕੀਤੇ ਟਵੀਟ ‘ਤੇ ‘ਮੈਨੀਪੁਲੇਟਡ ਮੀਡੀਆ’ ਦਾ ਟੈਗ ਲਾ ਦਿੱਤਾ ਸੀ। ਭਾਜਪਾ ਦਾ ਦੋਸ਼ ਹੈ ਕਿ ‘ਕੋਵਿਡ ਟੂਲਕਿੱਟ’ ਪਿੱਛੇ ਕਾਂਗਰਸ ਦਾ ਹੱਥ ਹੈ ਤੇ ਇਸ ਵਿੱਚ ਕਰੋਨਾਵਾਇਰਸ ਸੰਕਟ ਨਾਲ ਨਜਿੱਠਣ ਦੇ ਢੰਗ ਤਰੀਕੇ ਲਈ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਵਿਸ਼ੇਸ਼ ਸੈੱਲ ਟੀਮ, ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਨੂੰ 31 ਮਈ ਨੂੰ ਬੰਗਲੂਰੂ ਭੇਜਿਆ ਗਿਆ ਸੀ, ਜਿੱਕੇ ਮਹੇਸ਼ਵਰੀ ਤੋਂ ਪੁੱਛ ਪੜਤਾਲ ਕੀਤੀ ਗਈ ਸੀ। ਦਿੱਲੀ ਪੁਲੀਸ ਵੱਲੋਂ 24 ਮਈ ਨੂੰ ਟਵਿੱਟਰ ਇੰਡੀਆ ਦੋ ਦਫ਼ਤਰਾਂ ਵਿੱਚ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੀ ਫੇਰੀ ਨਾਲ ‘ਕੋਵਿਡ ਟੂਲਕਿੱਟ’ ਨੂੰ ਲੈ ਕੇ ਰੋਹ ਹੋਰ ਵੱਧ ਗਿਆ ਸੀ। -ਪੀਟੀਆਈ