ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 18 ਜੂਨ
ਪਿੰਡ ਗੜ੍ਹੀ ਤਰਖਾਣਾ ਦੇ ਰਾਜਪਾਲ ਸਿੰਘ (23) ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਹੋਣ ਦੇ 15 ਦਿਨਾਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਅੱਜ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਮਾਛੀਵਾੜਾ-ਸਮਰਾਲਾ ਹਾਈਵੇਅ ਜਾਮ ਕਰ ਕੇ ਇਨਸਾਫ਼ ਲਈ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਤੇ ਤਾਇਆ ਸਵਰਨ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਪੁਲੀਸ ਦੇ ਉੱਚ ਅਧਿਕਾਰੀਆਂ ਕੋਲ ਵੀ ਗਏ ਸਨ, ਪਰ ਉਹ ਆਪਣੇ ਇੰਸਪੈਕਟਰ ਤੇ ਮਹਿਲਾ ਕਾਂਸਟੇਬਲ ਨੂੰ ਬਚਾਉਂਦੇ ਦਿਖਾਈ ਦਿੱਤੇ। ਇਸ ਲਈ ਅੱਜ ਉਹ ਪਿੰਡ ਵਾਸੀਆਂ ਨਾਲ ਧਰਨੇ ‘ਤੇ ਬੈਠੇ ਹਨ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਖੰਨਾ ਵਿੱਚ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਦੇ ਕੇ ਕੌਮੀ ਮਾਰਗ ‘ਤੇ ਆਵਾਜਾਈ ਠੱਪ ਕਰਨਗੇ। ਇਸ ਦੌਰਾਨ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਬੀਤੀ 3 ਜੂਨ ਨੂੰ ਰਾਜਪਾਲ ਨੇ ਸਰਹਿੰਦ ਨਹਿਰ ‘ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਸੀ, ਜਿਸ ਤਹਿਤ ਮਾਛੀਵਾੜਾ ਪੁਲੀਸ ਨੇ ਖੰਨਾ ਵਿੱਚ ਤਾਇਨਾਤ ਪੁਲੀਸ ਇੰਸਪੈਕਟਰ ਦਵਿੰਦਰ ਸਿੰਘ, ਮ੍ਰਿਤਕ ਦੀ ਭਰਜਾਈ ਕਾਂਸਟੇਬਲ ਰਾਜਿੰਦਰ ਕੌਰ ਅਤੇ 2 ਰਿਸ਼ਤੇਦਾਰ ਵਰਿੰਦਰ ਸਿੰਘ ਤੇ ਲੱਖੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪਰਮਜੀਤ ਕੌਰ ਨੇ ਦੋੋਸ਼ ਲਾਇਆ ਕਿ ਇੰਸਪੈਕਟਰ ਦਵਿੰਦਰ ਸਿੰਘ, ਕਾਂਸਟੇਬਲ ਰਾਜਿੰਦਰ ਕੌਰ ਤੇ ਉਸ ਦੇ 2 ਹੋਰ ਰਿਸ਼ਤੇਦਾਰਾਂ ਨੇ ਉਸ ਦੀ ਤੇ ਰਾਜਪਾਲ ਨਾਲ ਕਥਿਤ ਬਦਸਲੂਕੀ ਕੀਤੀ, ਜਿਸ ਕਾਰਨ ਰਾਜਪਾਲ ਨੇ ਖ਼ੁਦਕੁਸ਼ੀ ਕਰ ਲਈ। ਥਾਣਾ ਮਾਛੀਵਾੜਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।