ਕੇਂਦਰ ਦੇ ਗੱਲਬਾਤ ਸਬੰਧੀ ਸੱਦੇ ਬਾਰੇ ਪੀਡੀਪੀ ਦੀ ਮੀਟਿੰਗ ਅੱਜ

ਕੇਂਦਰ ਦੇ ਗੱਲਬਾਤ ਸਬੰਧੀ ਸੱਦੇ ਬਾਰੇ ਪੀਡੀਪੀ ਦੀ ਮੀਟਿੰਗ ਅੱਜ


ਸ੍ਰੀਨਗਰ, 19 ਜੂਨ

ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੀਆਂ ਖੇਤਰੀ ਪਾਰਟੀਆਂ ਨੂੰ ਗੱਲਬਾਤ ਲਈ ਦਿੱਤੇ ਗਏ ਸੱਦੇ ਬਾਰੇ ਚਰਚਾ ਕਰਨ ਲਈ ਪੀਡੀਪੀ ਵੱਲੋਂ ਐਤਵਾਰ ਨੂੰ ਇਕ ਮੀਟਿੰਗ ਕੀਤੀ ਜਾਵੇਗੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਸਮੇਤ ਸਿਆਸੀ ਪ੍ਰਕਿਰਿਆਵਾਂ ਵਿਚ ਤੇਜ਼ੀ ਲਿਆਉਣ ਦੇ ਕੇਂਦਰ ਸਰਕਾਰ ਦੇ ਉਪਰਾਲਿਆਂ ਵਜੋਂ 24 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਨਾਲ ਇਕ ਮੀਟਿੰਗ ਕਰ ਸਕਦੇ ਹਨ। ਅਗਸਤ 2019 ਵਿਚ ਕੇਂਦਰ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਅਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡੇ ਜਾਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹੋਣ ਵਾਲੀ ਇਸ ਪਹਿਲੀ ਮੀਟਿੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਕੇਂਦਰੀ ਆਗੂਆਂ ਦੇ ਸ਼ਾਮਲ ਹੋਣ ਦੀ ਆਸ ਹੈ। ਮਹਿਬੂਬਾ ਨੇ ਗੱਲਬਾਤ ਦੌਰਾਨ ਕਿਹਾ, ”ਨਵੀਂ ਦਿੱਲੀ ਨਾਲ ਗੱਲਬਾਤ ਦਾ ਕੋਈ ਸਪੱਸ਼ਟ ਏਜੰਡਾ ਨਹੀਂ ਹੈ। ਹਾਲਾਂਕਿ, ਮੈਂ ਆਪਣੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਨੂੰ ਇਸ ਸਬੰਧੀ ਚਰਚਾ ਕਰਨ ਲਈ ਇਕ ਮੀਟਿੰਗ ਕਰਨ ਵਾਸਤੇ ਕਿਹਾ ਹੈ।” ਜੰਮੂ ਕਸ਼ਮੀਰ, ਜੋ ਕਿ ਪਹਿਲਾਂ ਇਕ ਸੂਬਾ ਸੀ, ਦੀ ਆਖ਼ਰੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਜਿਸ ਦੀ ਕਿ 2016 ਤੋਂ ਲੈ ਕੇ 2018 ਤੱਕ ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਸੀ, ਨੂੰ ਕੇਂਦਰ ਸਰਕਾਰ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਬਾਰੇ 24 ਜੂਨ ਨੂੰ ਹੋਣ ਵਾਲੀ ਇਕ ਮੀਟਿੰਗ ਲਈ ਸੱਦਾ ਆਇਆ ਸੀ। ਉਨ੍ਹਾਂ ਕਿਹਾ ਕਿ ਇਸ ਗੱਲਬਾਤ ਵਿਚ ਹਿੱਸਾ ਲੈਣਾ ਹੈ ਜਾਂ ਨਹੀਂ, ਬਾਰੇ ਫ਼ੈਸਲਾ ਪਾਰਟੀ ਦੀ ਸਿਆਸੀ ਮਾਮਲਿਆਂ ਸਬੰਧੀ ਕਮੇਟੀ ਦੀ ਐਤਵਾਰ ਨੂੰ ਸੱਦੀ ਮੀਟਿੰਗ ਵਿਚ ਲਿਆ ਜਾਵੇਗਾ।

ਅਧਿਕਾਰੀਆਂ ਨੇ ਕਿਹਾ, ”ਕੇਂਦਰ ਨੇ ਗੱਲਬਾਤ ਲਈ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫਾਰੂਕ ਅਬਦੁੱਲਾ, ਜੰਮੂ ਕਸ਼ਮੀਰ ਆਪਣੀ ਪਾਰਟੀ ਦੇ ਅਲਤਾਫ਼ ਬੁਖਾਰੀ ਅਤੇ ਪੀਪਲਜ਼ ਕਾਨਫ਼ਰੰਸ ਦੇ ਮੁਖੀ ਸੱਜਾਦ ਲੋਨ ਨੂੰ ਸੱਦਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ।” ਉੱਧਰ, ਸੀਪੀਆਈ (ਐੱਮ) ਆਗੂ ਅਤੇ ਪੀਪਲਜ਼ ਅਲਾਇੰਸ ਫਾਰ ਗੁਪਕਾਰ ਐਲਾਨਨਾਮੇ ਸਬੰਧੀ ਲੋਕਾਂ ਦੇ ਗੱਠਜੋੜ ਦੇ ਬੁਲਾਰੇ ਐੱਮ.ਵਾਈ. ਤਰੀਗਾਮੀ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਦਿੱਲੀ ਤੋਂ ਕੋਈ ਸੱਦਾ ਨਹੀਂ ਆਇਆ ਹੈ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਦਾ ਸਵਾਗਤ ਕੀਤਾ ਜਾਵੇਗਾ। ਇਸ ਗੱਲਬਾਤ ਵਿਚ ਭਾਜਪਾ ਤੇ ਕਾਂਗਰਸ ਦੀਆਂ ਜੰਮੂ ਕਸ਼ਮੀਰ ਇਕਾਈਆਂ ਦੇ ਸ਼ਾਮਲ ਹੋਣ ਦੀ ਵੀ ਆਸ ਹੈ। ਇਸੇ ਦੌਰਾਨ ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਣਾ ਨੇ ਆਸ ਪ੍ਰਗਟਾਈ ਹੈ ਕਿ ਜੰਮੂ ਕਸ਼ਮੀਰ ਸਬੰਧੀ ਅਗਲੀ ਕਾਰਜ ਯੋਜਨਾ ਬਾਰੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿੱਚ ਹੋਣ ਵਾਲੀ ਮੀਟਿੰਗ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜਿਨ੍ਹਾਂ ਆਗੂਆਂ ਨੂੰ ਸੱਦਾ ਮਿਲਿਆ ਹੈ ਉਹ ਸਾਰੇ ਇਸ ਮੀਟਿੰਗ ਵਿਚ ਸ਼ਾਮਲ ਜ਼ਰੂਰ ਹੋਣਗੇ। -ਪੀਟੀਆਈ

ਪੀਡੀਪੀ ਆਗੂ ਸਰਤਾਜ ਮਦਨੀ ਰਿਹਾਅ

ਸ੍ਰੀਨਗਰ: ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੂੰ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੀਆਂ ਖੇਤਰੀ ਰਾਜਸੀ ਪਾਰਟੀਆਂ ਨਾਲ ਗੱਲਬਾਤ ਲਈ ਸੱਦਾ ਮਿਲਣ ਤੋਂ ਕਈ ਘੰਟਿਆਂ ਮਗਰੋਂ ਉਨ੍ਹਾਂ ਦੇ ਚਾਚਾ ਤੇ ਸੀਨੀਅਰ ਆਗੂ ਸਰਤਾਜ ਮਦਨੀ ਨੂੰ ਅੱਜ ਛੇ ਮਹੀਨਿਆਂ ਦੀ ਲੰਮੀ ਹਿਰਾਸਤ ‘ਚੋਂ ਰਿਹਾਅ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਐੱਮਐੱਲਏ ਹੋਸਟਲ ਵਿੱਚ ਇਹਤਿਆਤੀ ਹਿਰਾਸਤ ਤਹਿਤ ਨਜ਼ਰਬੰਦ ਸ੍ਰੀ ਮਦਨੀ ਨੂੰ ਅੱਜ ਦੁਪਹਿਰ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਨੰਤਨਾਗ ਪੁਲੀਸ ਦੀ ਇੱਕ ਟੀਮ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਵਾਸਤੇ ਸ੍ਰੀਨਗਰ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਸ੍ਰੀ ਮਦਨੀ ਨੂੰ ਦੱਖਣੀ ਕਸ਼ਮੀਰ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਪਰਿਵਾਰ ਕੋਲ ਲਿਜਾਇਆ ਜਾਵੇਗਾ। -ਪੀਟੀਆਈ

ਕੇਂਦਰ ਵੱਲੋਂ ਕੋਈ ਸੱਦਾ ਨਹੀਂ ਮਿਲਿਆ: ਕਾਂਗਰਸ

ਜੰਮੂ: ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਜੀ.ਏ. ਮੀਰ ਨੇ ਕਿਹਾ ਕਿ ਕੇਂਦਰ ਵੱਲੋਂ ਸੱਦੀ ਗਈ ਮੀਟਿੰਗ ਵਿਚ ਸ਼ਮੂਲੀਅਤ ਸਬੰਧੀ ਉਹ ਪਾਰਟੀ ਦੀਆਂ ਹਦਾਇਤਾਂ ਦਾ ਇੰਤਜ਼ਾਰ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋ ਰਿਹਾ ਹੈ ਤਾਂ ਇਸ ਦਾ ਸੁਆਗਤ ਕਰਨਾ ਬਣਦਾ ਹੈ ਕਿਉਂਕਿ ਇੱਕ ਲੋਕਤੰਤਰੀ ਢਾਂਚੇ ਤੇ ਸ਼ਾਂਤੀ, ਖੁਸ਼ਹਾਲੀ ਤੇ ਵਿਕਾਸ ਅਤੇ ਲੋਕ ਮਨਾਂ ਵਿੱਚ ਪੈਦਾ ਗੁੱਸੇ ਨੂੰ ਸ਼ਾਂਤ ਕਰਨ ਲਈ ਸਬੰਧਤ ਧਿਰਾਂ ਨਾਲ ਗੱਲਬਾਤ ਹੀ ਇੱਕੋ-ਇੱਕ ਰਾਹ ਹੈ। -ਪੀਟੀਆਈ



Source link