ਪੰਜਾਬ ਦੇ ਹਰਿਆਣਾ ਨਾਲ ਲੱਗਦੇ ਪਿੰਡਾਂ ’ਚ ਬੋਰ 700 ਫੁੱਟ ’ਤੇ ਜਾ ਪੁੱਜੇ, ਲੋਕਾਂ ਦੀ ਹੋਰ ਜ਼ਿਲ੍ਹਿਆਂ ਵੱਲ ਹਿਜਰਤ ਸ਼ੁਰੂ

ਪੰਜਾਬ ਦੇ ਹਰਿਆਣਾ ਨਾਲ ਲੱਗਦੇ ਪਿੰਡਾਂ ’ਚ ਬੋਰ 700 ਫੁੱਟ ’ਤੇ ਜਾ ਪੁੱਜੇ, ਲੋਕਾਂ ਦੀ ਹੋਰ ਜ਼ਿਲ੍ਹਿਆਂ ਵੱਲ ਹਿਜਰਤ ਸ਼ੁਰੂ


ਦਿਲਜੀਤ ਸਿੰਘ ਸੰਧੂ

ਸੰਘਾ, 20 ਜੂਨ

ਪੰਜਾਬ ਦੇ ਆਖ਼ਰੀ ਅਤੇ ਹਰਿਆਣੇ ਦੇ ਕੰਢੇ ਵਸੇ ਪਿੰਡਾਂ ਦੇ ਲੋਕ ਡੂੰਘੇ ਪਾਣੀ ਕਾਰਨ ਨਵੇਂ ਬੋਰ ਕਰਨ ਲਈ ਮਜਬੂਰ ਹਨ। ਪੰਜਾਬ ਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ, ਜਿਸ ਲਈ ਵੱਡੀ ਮਾਤਰਾ ਚ ਪਾਣੀ ਦੀ ਖਪ਼ਤ ਹੋਵੇਗੀ। ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਹੈ। ਪਹਿਲੀ ਪਰਤ ਤਾਂ ਕਈ ਦਹਾਕੇ ਪਹਿਲਾਂ ਖ਼ਤਮ ਹੋ ਚੁੱਕੀ ਹੈ। ਦੂਜੀ ਪਰਤ ਵੀ ਦਸ ਸਾਲ ਪਹਿਲਾਂ ਮੁੱਕ ਚੁੱਕੀ ਹੈ ਤੇ ਬਚੀ ਤੀਜੀ ਪਰਤ ਜੋ 350 ਫੁੱਟ ਤੋਂ ਵੱਧ ਡੂੰਘੀ ਹੈ ਪਰ ਇਸ ਹਰਿਆਣਾ ਪੰਜਾਬ ਬਾਰਡਰ ‘ਤੇ ਵਸੇ ਪਿੰਡਾਂ ਵਿਚ ਤੀਜੀ ਪੱਧਰ ਦਾ ਪਾਣੀ 650 ਤੋਂ 700 ਫੁੱਟ ਤੋਂ ਪ੍ਰਾਪਤ ਹੋਣ ਲੱਗ ਪਿਆ ਹੈ। ਇਸ ਇਲਾਕੇ ਵਿੱਚੋਂ ਲੋਕ ਜ਼ਮੀਨਾਂ ਵੇਚ ਕੇ ਉੱਚੇ ਪਾਣੀਆਂ ਵੱਲ ਜਿਵੇਂ ਫਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ, ਗੁਰਦਾਸਪੁਰ ਵੱਲ ਜਾ ਰਹੇ ਹਨ। ਪੰਜਾਬ ਦੇ 13 ਲੱਖ ਟਿਊਬਵੈੱਲ ਪੰਜਾਬ ਨੂੰ ਲਗਾਤਾਰ ਖ਼ਾਤਮੇ ਵੱਲ ਲਿਜਾ ਰਹੇ ਹਨ ਇੱਕ ਅੰਦਾਜ਼ੇ ਅਨੁਸਾਰ ਅਗਲੇ ਪੰਦਰਾਂ ਸਾਲਾਂ ‘ਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਤੇ ਪੰਜਾਬ ਵਿੱਚ ਵੱਡੀ ਗਿਣਤੀ ਦੇ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਬਚੇਗਾ। ਪੰਜਾਬ-ਹਰਿਆਣਾ ਬਾਰਡਰ ‘ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਰਕਾਰਾਂ ਵੱਲੋਂ ਹੁਣ ਵੀ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਉਚੇਚਾ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਇਸ ਤੋਂ ਬਾਅਦ ਪਛਤਾਵੇ ਤੋਂ ਇਲਾਵਾ ਕੋਈ ਰਸਤਾ ਨਹੀਂ ਬਚੇਗਾ।



Source link