ਸੱਤ ਹਫ਼ਤਿਆਂ ’ਚ 27ਵੀਂ ਵਾਰ ਹੋਏ ਵਾਧੇ ਨਾਲ ਤੇਲ ਕੀਮਤਾਂ ਇਤਿਹਾਸਕ ਉਚਾਈ ਉੱਤੇ

ਸੱਤ ਹਫ਼ਤਿਆਂ ’ਚ 27ਵੀਂ ਵਾਰ ਹੋਏ ਵਾਧੇ ਨਾਲ ਤੇਲ ਕੀਮਤਾਂ ਇਤਿਹਾਸਕ ਉਚਾਈ ਉੱਤੇ


ਨਵੀਂ ਦਿੱਲੀ: ਸੱਤ ਹਫ਼ਤਿਆਂ ਵਿਚ ਅੱਜ 27ਵੇਂ ਵਾਰ ਹੋਏ ਵਾਧੇ ਨਾਲ ਦੇਸ਼ ਭਰ ਵਿਚ ਤੇਲ ਦੀਆਂ ਕੀਮਤਾਂ ਇਕ ਨਵੀਂ ਇਤਿਹਾਸਕ ਉਚਾਈ ‘ਤੇ ਪਹੁੰਚ ਗਈਆਂ ਹਨ। ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅੱਜ ਪੈਟਰੋਲ ਦੀ ਕੀਮਤ ਵਿਚ 29 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ ਵਿਚ 28 ਪੈਸੇ ਪ੍ਰਤੀ ਲਿਟਰ ਦਾ ਤਾਜ਼ਾ ਵਾਧਾ ਕੀਤਾ ਗਿਆ ਹੈ। ਅੱਜ ਹੋਏ ਇਸ ਵਾਧੇ ਨਾਲ ਕੌਮੀ ਰਾਜਧਾਨੀ ਦਿੱਲੀ ਵਿਚ ਜਿੱਥੇ ਪੈਟਰੋਲ 97 ਰੁਪਏ ਪ੍ਰਤੀ ਲਿਟਰ ਤੋਂ ਪਾਰ ਪਹੁੰਚ ਗਿਆ ਹੈ ਉੱਥੇ ਹੀ ਡੀਜ਼ਲ 88 ਰੁਪਏ ਲਿਟਰ ਨੂੰ ਢੁੱਕ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਦਿੱਲੀ ਵਿਚ ਪੈਟਰੋਲ ਹੁਣ ਤੱਕ ਦੀ ਸਭ ਤੋਂ ਵੱਧ ਉਚਾਈ 97.22 ਰੁਪਏ ਪ੍ਰਤੀ ਲਿਟਰ ਜਦਕਿ ਡੀਜ਼ਲ ਦੀ ਕੀਮਤ 87.97 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਈ ਹੈ। ਸਥਾਨਕ ਟੈਕਸਾਂ ਅਤੇ ਢੋਆ-ਢੁਆਈ ਦੇ ਕਿਰਾਏ ਮੁਤਾਬਕ ਹਰੇਕ ਸੂਬੇ ਵਿਚ ਤੇਲ ਦੀਆਂ ਕੀਮਤਾਂ ਵੱਖ ਹਨ।

ਪਟਨਾ ਵਿੱਚ ਐਤਵਾਰ ਨੂੰ ਤੇਲ ਕੀਮਤਾਂ ‘ਚ ਮੁੜ ਵਾਧੇ ਖ਼ਿਲਾਫ਼ ਮੱਝਾਂ ‘ਤੇ ਬੈਠ ਕੇ ਪ੍ਰਦਰਸ਼ਨ ਕਰਦੇ ਹੋਏ ਜਨ ਅਧਿਕਾਰ ਪਾਰਟੀ ਦੇ ਸਮਰਥਕ। -ਫੋਟੋ: ਪੀਟੀਆਈ

ਇਸ ਕਰ ਕੇ ਅੱਠ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਿਲੰਗਾਨਾ, ਕਰਨਾਟਕ, ਜੰਮੂ ਕਸ਼ਮੀਰ ਤੇ ਲੱਦਾਖ ਵਿਚ ਪੈਟਰੋਲ ਦਾ ਪ੍ਰਚੂਨ ਵਿਕਰੀ ਮੁੱਲ 100 ਰੁਪਏ ਪ੍ਰਤੀ ਲਿਟਰ ਤੋਂ ਵੱਧ ਹੈ। ਇਸੇ ਤਰ੍ਹਾਂ ਮਹਾਨਗਰਾਂ ਵਿੱਚੋਂ ਮੁੰਬਈ, ਹੈਦਰਾਬਾਦ ਤੇ ਬੰਗਲੌਰ ਵਿਚ ਪਹਿਲਾਂ ਹੀ ਪੈਟਰੋਲ ਦਾ ਮੁੱਲ 100 ਰੁਪਏ ਲਿਟਰ ਤੋਂ ਵੱਧ ਹੈ। ਮੁੰਬਈ ਵਿਚ ਪੈਟਰੋਲ ਇਸ ਵੇਲੇ 103.36 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 95.44 ਰੁਪਏ ਲਿਟਰ ਹੈ। ਭਾਰਤ-ਪਾਕਿ ਸਰਹੱਦ ਨੇੜਲਾ ਰਾਜਸਥਾਨ ਦਾ ਜ਼ਿਲ੍ਹਾ ਸ੍ਰੀਗੰਗਾਨਗਰ ਵਿਚ ਪਹਿਲੀ ਅਜਿਹੀ ਜਗ੍ਹਾ ਸੀ ਜਿੱਥੇ ਪੈਟਰੋਲ ਸਭ ਤੋਂ ਪਹਿਲਾਂ ਫਰਵਰੀ ਦੇ ਅੱਧ ਵਿਚ 100 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚਿਆ ਸੀ। ਇੱਥੇ ਡੀਜ਼ਲ ਵੀ 100 ਰੁਪਏ ਤੋਂ ਪਾਰ ਪਹੁੰਚ ਚੁੱਕਿਆ ਹੈ। ਸ੍ਰੀਗੰਗਾਨਗਰ ਸ਼ਹਿਰ ਵਿਚ ਪੈਟਰੋਲ ਇਸ ਵੇਲੇ ਦੇਸ਼ ਭਰ ‘ਚ ਸਭ ਤੋਂ ਮਹਿੰਗਾ 108.37 ਰੁਪਏ ਲਿਟਰ ਅਤੇ ਡੀਜ਼ਲ 101.12 ਰੁਪਏ ਪ੍ਰਤੀ ਲਿਟਰ ਹੈ। ਦੇਸ਼ ਭਰ ਵਿਚੋਂ ਪੈਟਰੋਲ ਤੇ ਡੀਜ਼ਲ ‘ਤੇ ਸਭ ਤੋਂ ਵੱਧ ਵੈਟ ਰਾਜਸਥਾਨ ਲਾਉਂਦਾ ਹੈ। ਉਸ ਤੋਂ ਬਾਅਦ ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਹਨ। ਤੇਲ ਕੀਮਤਾਂ ਵਿਚ ਅੱਜ ਹੋਇਆ ਵਾਧਾ 4 ਮਈ ਤੋਂ ਲੈ ਕੇ 27ਵਾਂ ਵਾਧਾ ਸੀ। ਤੇਲ ਕੀਮਤਾਂ ਵਿਚ 27 ਵਾਰ ਹੋਏ ਵਾਧੇ ਦੌਰਾਨ ਪੈਟਰੋਲ ਦੀ ਕੀਮਤ 6.82 ਰੁਪਏ ਲਿਟਰ ਤੇ ਡੀਜ਼ਲ ਦੀ ਕੀਮਤ 7.24 ਰੁਪਏ ਲਿਟਰ ਵਧੀ ਹੈ। -ਪੀਟੀਆਈ



Source link