ਚਰਨਜੀਤ ਭੁੱਲਰ
ਚੰਡੀਗੜ੍ਹ, 22 ਜੂਨ
ਮੁੱਖ ਅੰਸ਼
- ਕੈਪਟਨ ਨੇ ਖੜਗੇ ਕਮੇਟੀ ਕੋਲ ਪੱਖ ਰੱਖਿਆ
- ਹਾਈਕਮਾਨ ਵੱਲੋਂ ਚੋਣਾਂ ਮੌਕੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਫ਼ੈਸਲਾ
ਕਾਂਗਰਸ ਹਾਈਕਮਾਨ ਨੇ ਪਾਰਟੀ ਦੇ ਅੰਦਰੂਨੀ ਕਾਟੋ ਕਲੇਸ਼ ਨੂੰ ਸਮੇਟਣ ਲਈ ਪੰਜਾਬ ਦੀ ਕਮਾਨ ਸਿੱਧੇ ਤੌਰ ‘ਤੇ ਆਪਣੇ ਹੱਥਾਂ ਵਿੱਚ ਲੈ ਲਈ ਹੈ। ਰਾਹੁਲ ਗਾਂਧੀ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਾਗ਼ੀ ਸੁਰ ਰੱਖਣ ਵਾਲੇ ਵਿਧਾਇਕਾਂ ਅਤੇ ਵਜ਼ੀਰਾਂ ਦੀ ਗੱਲ ਸਿੱਧੇ ਤੌਰ ‘ਤੇ ਸੁਣ ਕੇ ਇਸ ਸਿਆਸੀ ਰੱਫੜ ਨੂੰ ਜਲਦ ਖਤਮ ਕਰਨ ਦੇ ਸੰਕੇਤ ਦਿੱਤੇ ਹਨ। ਇਸ ਨਾਲ ਪੰਜਾਬ ਕਾਂਗਰਸ ‘ਚ ਛਿੜੇ ਵਿਵਾਦ ਦਾ ਹੱਲ ਹਫ਼ਤੇ ਕੁ ‘ਚ ਹੋਣ ਦੇ ਆਸਾਰ ਹਨ।
ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੜਗੇ ਕਮੇਟੀ ਕੋਲ ਸੰਸਦ ਭਵਨ ‘ਚ ਆਪਣਾ ਪੱਖ ਰੱਖਿਆ। ਖੜਗੇ ਕਮੇਟੀ ਦੇ ਚੇਅਰਮੈਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਗਲੀਆਂ ਪੰਜਾਬ ਚੋਣਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਲੀਡਰਸ਼ਿਪ ਵਿੱਚ ਲੜੀਆਂ ਜਾਣਗੀਆਂ। ਸਾਰੇ ਆਗੂਆਂ ਦੀ ਇਹੋ ਆਵਾਜ਼ ਹੈ ਕਿ ਅਗਲੀਆਂ ਚੋਣਾਂ ਇਕੱਠੇ ਹੋ ਕੇ ਲੜੀਆਂ ਜਾਣ। ਸ੍ਰੀ ਖੜਗੇ ਨੇ ਕਿਹਾ ਕਿ ਜਲਦੀ ਸਭ ਠੀਕ ਹੋ ਜਾਵੇਗਾ। ਖੜਗੇ ਦੇ ਇਸ ਬਿਆਨ ਨੇ ਨਵੇਂ ਚਰਚੇ ਛੇੜ ਦਿੱਤੇ ਹਨ। ਦੇਖਣਾ ਹੋਵੇਗਾ ਕਿ ਗਾਂਧੀ ਪੱਤਾ ਪੰਜਾਬ ਚੋਣਾਂ ‘ਚ ਕਿੰਨਾ ਕੁ ਚੱਲ ਸਕੇਗਾ।
ਹਾਈਕਮਾਨ ਹੁਣ ਪੰਜਾਬ ਵਿਵਾਦ ਨੂੰ ਜਲਦ ਨਿਬੇੜਨ ਦੇ ਰੌਂਅ ਵਿੱਚ ਹੈ। ਸੂਤਰ ਦੱਸਦੇ ਹਨ ਕਿ ਹਾਈਕਮਾਨ ਨੇ ਹਾਲ ਦੀ ਘੜੀ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਸੰਜਮ ਵਰਤਿਆ ਹੈ ਅਤੇ ਚੋਣਾਂ ਮੌਕੇ ਹੀ ਇਸ ਬਾਰੇ ਫ਼ੈਸਲਾ ਲਿਆ ਜਾਣਾ ਹੈ। ਇਸੇ ਦੌਰਾਨ ਅੱਜ ਰਾਹੁਲ ਗਾਂਧੀ ਵੱਲੋਂ ਅਮਰਿੰਦਰ ਨੂੰ ਨਾ ਮਿਲਣ ਸਬੰਧੀ ਵਿਰੋਧੀ ਕਈ ਤਰ੍ਹਾਂ ਦੇ ਸਿਆਸੀ ਟੇਵੇ ਲਾਉਂਦੇ ਰਹੇ। ਰਾਹੁਲ ਗਾਂਧੀ ਨੇ ਅੱਜ ਸਾਰਾ ਦਿਨ ਪੰਜਾਬ ਦੇ ਵਜ਼ੀਰਾਂ ਤੇ ਵਿਧਾਇਕਾਂ ਨੂੰ ਇਕੱਲੇ ਇਕੱਲੇ ਬੁਲਾ ਕੇ ਸਿੱਧੀ ਗੱਲਬਾਤ ਕੀਤੀ।
ਵਿਧਾਇਕਾਂ ਅਤੇ ਵਜ਼ੀਰਾਂ ਨੇ ਮੁੱਖ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਅਤੇ ਕਾਰਜ ਸ਼ੈਲੀ ਨੂੰ ਰਾਹੁਲ ਗਾਂਧੀ ਕੋਲ ਨਿਸ਼ਾਨੇ ‘ਤੇ ਰੱਖਿਆ। ਸਭਨਾਂ ਆਗੂਆਂ ਨੇ ਵਿਸ਼ੇਸ਼ ਤੌਰ ‘ਤੇ ਬੇਅਦਬੀ ਮਾਮਲੇ, ਭ੍ਰਿਸ਼ਟਾਚਾਰ, ਨਸ਼ਾ ਤਸਕਰੀ, ਅਫ਼ਸਰਸ਼ਾਹੀ ਦੇ ਦਬਦਬੇ ਅਤੇ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਤੇ ਲੋਕਾਂ ਨਾਲ ਰਾਬਤਾ ਨਾ ਰੱਖੇ ਜਾਣ ਦੀ ਗੱਲ ਆਖੀ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਰਾਹੁਲ ਗਾਂਧੀ ਨੇ ਭਲਕੇ ਬੁੱਧਵਾਰ ਨੂੰ ਸੱਦਿਆ ਹੈ। ਅੱਜ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਚਰਨਜੀਤ ਸਿੰਘ ਚੰਨੀ, ਭਾਰਤ ਭੂਸ਼ਨ ਆਸ਼ੂ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ, ਰਾਜਾ ਵੜਿੰਗ, ਕੁਸ਼ਲਦੀਪ ਢਿੱਲੋਂ, ਇੰਦਰਬੀਰ ਸਿੰਘ ਬੁਲਾਰੀਆ, ਸੰਗਤ ਸਿੰਘ ਗਿਲਜੀਆਂ, ਤਰਸੇਮ ਸਿੰਘ ਡੀਸੀ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਡਾ. ਅਮਰ ਸਿੰਘ ਨੇ ਰਾਹੁਲ ਗਾਂਧੀ ਕੋਲ ਆਪੋ ਆਪਣਾ ਪੱਖ ਰੱਖਿਆ।
ਬਹੁਤੇ ਆਗੂਆਂ ਨੇ ਕਿਹਾ ਕਿ ਵਾਅਦੇ ਪੂਰੇ ਨਾ ਕਰਨ ਕਰਕੇ ਕਾਂਗਰਸ ਅੱਗੇ ਚੋਣਾਂ ਮੌਕੇ ਵੱਡੀਆਂ ਚੁਣੌਤੀਆਂ ਹੋਣਗੀਆਂ। ਕਈ ਵਜ਼ੀਰਾਂ ਨੇ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਦਾ ਹੱਲ ਨਾ ਹੋਣ ਪਿੱਛੇ ਸਿਆਸੀ ਸਾਂਝ ਦਾ ਜ਼ਿਕਰ ਵੀ ਕੀਤਾ। ਦੂਜੇ ਪਾਸੇ ਖੜਗੇ ਕਮੇਟੀ ਨੇ ਵਿਧਾਇਕਾਂ ਅਤੇੇ ਵਜ਼ੀਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਆਲ ਕੀਤੇ। ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਲੰਮੀ ਸੂਚੀ ਰੱਖ ਦਿੱਤੀ।
ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਮੀਟਿੰਗ ਮਗਰੋਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਦਲਿਤ ਵਰਗ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਇਲਾਵਾ ਬਿਜਲੀ ਵਿੱਚ ਦਿੱਤੀਆਂ ਰਿਆਇਤਾਂ ਆਦਿ ਦਾ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਹੈ। ਦੂਜੇ ਪਾਸੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਕੋਲ ਪੰਜਾਬ ਦੇ ਮੁੱਦਿਆਂ ਦੀ ਗੱਲ ਹੀ ਰੱਖੀ ਹੈ, ਜਿਨ੍ਹਾਂ ਨੂੰ ਨਾ ਨਜਿੱਠੇ ਜਾਣ ਕਰਕੇ ਚੋਣਾਂ ਵਿੱਚ ਪਾਰਟੀ ਨੂੰ ਮੁਸ਼ਕਲ ਆਵੇਗੀ।
ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੜਗੇ ਕਮੇਟੀ ਕੋਲ ਪੇਸ਼ ਹੋਣ ਮਗਰੋਂ ਕਰੀਬ ਦੋ ਘੰਟੇ ਸੀਨੀਅਰ ਆਗੂ ਅੰਬਿਕਾ ਸੋਨੀ ਦੀ ਰਿਹਾਇਸ਼ ‘ਤੇ ਗੁਜ਼ਾਰੇ। ਇਸ ਮੌਕੇ ਪਾਰਟੀ ਆਗੂ ਸਲਮਾਨ ਖ਼ੁਰਸ਼ੀਦ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵੱਲੋਂ ਅੱਜ ਪੰਜਾਬ ਦੇ ਕੁਝ ਆਗੂਆਂ ਨੂੰ ਰਾਤ ਦੇ ਖਾਣੇ (ਡਿਨਰ) ਦਾ ਸੱਦਾ ਵੀ ਦਿੱਤਾ ਗਿਆ ਹੈ।
ਨਵਜੋਤ ਸਿੱਧੂ ਦੀ ਬਿਆਨਬਾਜ਼ੀ ਨੇ ਕੈਪਟਨ ਖੇਮੇ ਦੇ ਹੱਥ ਮਜ਼ਬੂਤ ਕੀਤੇ
ਨਵਜੋਤ ਸਿੰਘ ਸਿੱਧੂ ਦੀ ਦੋ ਦਿਨਾਂ ਦੀ ਬਿਆਨਬਾਜ਼ੀ ਨੇ ਹਾਈਕਮਾਨ ਕੋਲ ਅੱਜ ਕੈਪਟਨ ਖੇਮੇ ਦੇ ਹੱਥ ਮਜ਼ਬੁੂਤ ਕਰ ਦਿੱਤੇ। ਕੈਪਟਨ ਖੇਮੇ ਦੇ ਆਗੂਆਂ ਨੇ ਰਾਹੁਲ ਗਾਂਧੀ ਕੋਲ ਨਵਜੋਤ ਸਿੱਧੂ ਵੱਲੋਂ ਪਾਰਟੀ ਦਾ ਨੁਕਸਾਨ ਕੀਤੇ ਜਾਣ ਦੀ ਗੱਲ ਰੱਖੀ। ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਦੇ ਲੰਮੇ ਚੌੜੇ ਭਾਸ਼ਣਾਂ ਦੇ ਸਬੂਤ ਵੀ ਦਿਖਾਏ ਗਏ, ਜਿਸ ਤੋਂ ਹਾਈਕਮਾਨ ਅੱਜ ਖ਼ਫ਼ਾ ਦਿੱਖੀ। ਮੁੱਖ ਮੰਤਰੀ ਨੇ ਵੀ ਖੜਗੇ ਕਮੇਟੀ ਕੋਲ ਨਵਜੋਤ ਸਿੰਘ ਸਿੱਧੂ ਦੀ ਦੋ ਦਿਨਾਂ ਦੀ ਪਾਰਟੀ ਖ਼ਿਲਾਫ਼ ਕੀਤੀ ਬਿਆਨਬਾਜ਼ੀ ਨੂੰ ਪ੍ਰਮੁੱਖਤਾ ਨਾਲ ਰੱਖਿਆ। ਸੂਤਰ ਆਖਦੇ ਹਨ ਕਿ ਨਵਜੋਤ ਸਿੱਧੂ ਨੇ ਐਨ ਮੌਕੇ ‘ਤੇ ਮੂੰਹ ਖੋਲ੍ਹ ਕੇ ਹਾਈਕਮਾਨ ਤੋਂ ਕੁਝ ਹਾਸਲ ਹੋਣ ਦਾ ਮੌਕਾ ਗੁਆ ਲਿਆ। ਚਰਚੇ ਹਨ ਕਿ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਦੇਣ ਦਾ ਮਨ ਬਣਾ ਲਿਆ ਸੀ ਪਰ ਸਿੱਧੂ ਨੇ ਮੂੰਹ ਖੋਲ੍ਹ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ ਹੈ।