ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 23 ਜੂਨ
ਕੈਨੇਡਾ ਪੁਲੀਸ ਦੀਆਂ ਕਈ ਸੂਬਾਈ ਤੇ ਕੇਂਦਰੀ ਟੀਮਾਂ ਨੇ ਸਾਂਝੇ ਤੌਰ ‘ਤੇ ਛੇ ਮਹੀਨਿਆਂ ਤੱਕ ਪੈੜ ਨੱਪਣ ਤੋਂ ਬਾਅਦ ਦੇਸ਼ ਵਿੱਚ ਆਉਂਦੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਹੱਥ ਪਾ ਕੇ 6 ਕਰੋੜ ਡਾਲਰ ਤੋਂ ਵੱਧ ਕੀਮਤ ਦੇ ਨਸ਼ੇ ਅਤੇ 10 ਲੱਖ ਡਾਲਰ ਨਕਦੀ ਸਮੇਤ 9 ਪੰਜਾਬੀਆਂ ਸਣੇ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਨਸ਼ਾ ਤਸਕਰੀ ਦਾ ਮੁੱਢ ਸਰੀ ਦੇ ਰਹਿਣ ਵਾਲੇ ਜੈਸਨ ਹਾਲ (43) ਨੇ ਬੰਨ੍ਹਿਆ ਜੋ ਟਰੱਕਾਂ ਦੇ ਢਾਂਚੇ ਵਿੱਚ ਅਜਿਹੀਆਂ ਗੁਪਤ ਥਾਵਾਂ ਬਣਾ ਦਿੰਦਾ ਸੀ ਜਿਨ੍ਹਾਂ ਵਿਚ ਨਸ਼ਾ ਛੁਪਾ ਕੇ ਮਨੁੱਖੀ ਅੱਖ ਤਾਂ ਦੂਰ ਦੀ ਗੱਲ ਬਲਕਿ ਸਰਹੱਦਾਂ ‘ਤੇ ਲੱਗੇ ਆਧੁਨਿਕ ਕੈਮਰਿਆਂ, ਸੈਂਸਰਾਂ ਤੇ ਖੋਜੀ ਕੁੱਤਿਆਂ ਦੀਆਂ ਅੱਖਾਂ ਵਿਚ ਵੀ ਘੱਟਾ ਪਾਇਆ ਜਾ ਸਕਦਾ ਸੀ। ਟਰੱਕਾਂ ਵਿਚ ਬਣਾਈਆਂ ਇਨ੍ਹਾਂ ਗੁਪਤ ਥਾਵਾਂ ਵਿੱਚ ਰੱਖ ਕੇ 100-100 ਕਿੱਲੋ ਨਸ਼ੀਲੇ ਪਦਾਰਥ ਰੱਖ ਕੇ ਤਸਕਰੀ ਕੀਤੀ ਜਾਂਦੀ ਸੀ। ਤਿੰਨ ਮਹੀਨੇ ਪਹਿਲਾਂ ਸਰੀ ‘ਚੋਂ ਫੜੀ ਗਈ 10 ਕੁਇੰਟਲ ਅਫੀਮ ਤੋਂ ਬਾਅਦ ਇਹ ਹੁਣ ਤੱਕ ਦੀ ਦੇਸ਼ ਵਿੱਚ ਸਭ ਤੋਂ ਵੱਡੀ ਖੇਪ ਫੜੀ ਗਈ ਹੈ।
ਪੁਲੀਸ ਮੁਖੀ ਜੇਮਜ਼ ਰੈਮਰ ਅਨੁਸਾਰ ਛੇ ਮਹੀਨਿਆਂ ਵਿਚ ਸਿਰੇ ਚੜ੍ਹਿਆ ਇਹ ਆਪ੍ਰੇਸ਼ਨ ‘ਬਰੀਸਾ’ 10 ਸੁਰੱਖਿਆ ਏਜੰਸੀਆਂ ਦੇ ਦਲ ਵੱਲੋਂ ਚਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸਰੀ ਤੋਂ ਫੜੇ ਗਏ ਜੈਸਨ ਹਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਨੂੰ ਤਸਕਰੀ ਵਾਲੇ ਟਰੱਕਾਂ ਦੀ ਪਛਾਣ ਕਰਨੀ ਅਤੇ ਪੈੜ ਨੱਪਣੀ ਸੁਖਾਲੀ ਹੋ ਗਈ ਹੈ ਕਿਉਂਕ ਨਸ਼ੇ ਦੀਆਂ ਖੇਪਾਂ ਮੈਕਸੀਕੋ ਤੋਂ ਚੱਲ ਕੇ ਅਮਰੀਕਾ ਰਾਹੀਂ ਕੈਨੇਡਾ ਪਹੁੰਚਦੀਆਂ ਸਨ। ਇਸ ਸਬੰਧੀ ਜਾਂਚ ਵਿਚ ਅਮਰੀਕੀ ਪੁਲੀਸ ਦਾ ਸਹਿਯੋਗ ਵੀ ਲੈਣਾ ਪਿਆ। ਫੜੇ ਗਏ 20 ਮੁਲਜ਼ਮਾਂ ਵਿਚੋਂ ਨੌਂ ਪੰਜਾਬੀਆਂ ਦੀ ਪਛਾਣ ਗੁਰਬਖ਼ਸ਼ ਸਿੰਘ ਗਰੇਵਾਲ (37), ਪਰਮਿੰਦਰ ਗਿੱਲ (33) ਤੇ ਸੁਖਵੰਤ ਬਰਾੜ (37) ਤਿੰਨੋਂ ਬਰੈਂਪਟਨ ਤੋਂ, ਅਮਰਬੀਰ ਸਿੰਘ ਸਰਕਾਰੀਆ (25), ਹਰਬਲਜੀਤ ਸਿੰਘ ਤੂਰ (46) ਤੇ ਹਰਵਿੰਦਰ ਭੁੱਲਰ (43) ਤਿੰਨੋਂ ਕੈਲੇਡਨ ਤੋਂ ਅਤੇ ਸਰਜੰਟ ਸਿੰਘ ਧਾਲੀਵਾਲ (37), ਗੁਰਵੀਰ ਧਾਲੀਵਾਲ (26) ਤੇ ਗੁਰਮਨਪਰੀਤ ਸਿੰਘ ਗਰੇਵਾਲ (26) ਤਿੰਨੋਂ ਕਿਚਨਰ ਦੇ ਰਹਿਣ ਵਾਲਿਆਂ ਵਜੋਂ ਹੋਈ ਹੈ।
ਸਥਾਨਕ ਮੁੱਖ ਮੀਡੀਆ ਨੇ ਪੁਲੀਸ ਦੀ ਇਸ ਸਫਲਤਾ ਨੂੰ ਉਭਾਰ ਕੇ ਪੇਸ਼ ਕੀਤਾ ਹੈ। ਇਸ ਦੌਰਾਨ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ 444 ਕਿੱਲੋ ਕੋਕੀਨ, 182 ਕਿੱਲੋ ਕ੍ਰਿਸਟਲ ਮੈਥਾ (ਚਿੱਟਾ) ਮੁੱਖ ਤੌਰ ‘ਤੇ ਸ਼ਾਮਲ ਹਨ। ਇਨ੍ਹਾਂ ਨਸ਼ੀਲੇ ਪਦਾਰਥਾਂ ਦਾ ਕੁੱਲ ਭਾਰ 10 ਕੁਇੰਟਲ ਦੱਸਿਆ ਗਿਆ ਹੈ।