ਸਮਾਂ ਆਉਣ ’ਤੇ ਰਾਜ ਦਾ ਰੁਤਬਾ ਬਹਾਲ ਕਰਾਂਗੇ: ਮੋਦੀ

ਸਮਾਂ ਆਉਣ ’ਤੇ ਰਾਜ ਦਾ ਰੁਤਬਾ ਬਹਾਲ ਕਰਾਂਗੇ: ਮੋਦੀ
ਸਮਾਂ ਆਉਣ ’ਤੇ ਰਾਜ ਦਾ ਰੁਤਬਾ ਬਹਾਲ ਕਰਾਂਗੇ: ਮੋਦੀ


ਨਵੀਂ ਦਿੱਲੀ, 24 ਜੂਨ

ਮੁੱਖ ਅੰਸ਼

  • ਬਹੁਤੇ ਆਗੂਆਂ ਨੇ ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲ ਕਰਨ ਦੀ ਕੀਤੀ ਮੰਗ
  • ‘ਦਿੱਲੀ ਤੇ ਦਿਲਾਂ ਦੀ ਦੂਰੀ ਘਟਾਉਣ ਦੇ ਚਾਹਵਾਨ ਹਾਂ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਜੰਮੂ ਤੇ ਕਸ਼ਮੀਰ ਨਾਲ ‘ਦਿੱਲੀ ਤੱਕ ਦੀ ਦੂਰੀ’ ਹੀ ਨਹੀਂ ਬਲਕਿ ‘ਦਿਲਾਂ ਦੀ ਦੂਰੀ’ ਵੀ ਮਿਟਾਉਣ ਦੀ ਚਾਹਵਾਨ ਹੈ। ਸ੍ਰੀ ਮੋਦੀ ਨੇ ਸਰਬ ਪਾਰਟੀ ਮੀਟਿੰਗ ‘ਚ ਸ਼ਾਮਲ ਜੰਮੂ ਤੇ ਕਸ਼ਮੀਰ ਨਾਲ ਸਬੰਧਤ ਆਗੂਆਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਅਸੈਂਬਲੀ ਚੋਣਾਂ ਉਥੇ ਹਲਕਿਆਂ ਦੀ ਹੱਦਬੰਦੀ ਦਾ ਅਮਲ ਮੁਕੰਮਲ ਹੋਣ ਮਗਰੋਂ ਕਰਵਾਈਆਂ ਜਾਣਗੀਆਂ ਤੇ ਜੰਮੂ ਕਸ਼ਮੀਰ ਦਾ ਖੁੱਸਿਆ ਰੁਤਬਾ ਸਮਾਂ ਆਉਣ ‘ਤੇ ਬਹਾਲ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਸ਼ਾਮਲ ਪੀਪਲਜ਼ ਕਾਨਫਰੰਸ ਦੇ ਆਗੂ ਮੁਜ਼ੱਫਰ ਹੁਸੈਨ ਬੇਗ ਨੇ ਪ੍ਰਧਾਨ ਮੰਤਰੀ ਮੋਦੀ ਦੇ ਹਵਾਲੇ ਨਾਲ ਉਪਰੋਕਤ ਦਾਅਵਾ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਜੰਮੂ ਕਸ਼ਮੀਰ ਦੇ ਭਵਿੱਖ ਦੀ ਰਣਨੀਤੀ ਦਾ ਖਾਕਾ ਤਿਆਰ ਕਰਨ ਲਈ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਸੱਦੀ ਇਸ ਮੀਟਿੰਗ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸਬੰਧਤ 14 ਆਗੂ ਸ਼ਾਮਲ ਹੋੲੇ, ਜਿਨ੍ਹਾਂ ਵਿੱਚ ਚਾਰ ਸਾਬਕਾ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੀ ਸ਼ਾਮਲ ਸਨ। ਅਧਿਕਾਰਤ ਸੂਤਰਾਂ ਦੀ ਮੰਨੀਏ ਤਾਂ ਸਾਢੇ ਤਿੰਨ ਘੰਟੇ ਦੇ ਕਰੀਬ ਚੱਲੀ ਇਸ ਮੀਟਿੰਗ ਦੌਰਾਨ ਬਹੁਤੇ ਆਗੂਆਂ ਨੇ ਜੰਮੂ ਤੇ ਕਸ਼ਮੀਰ ਦਾ ਰਾਜ ਵਜੋਂ ਖੁੱਸਿਆ ਦਰਜਾ ਬਹਾਲ ਕਰਨ ਦੀ ਮੰਗ ਕੀਤੀ। ਮੀਟਿੰਗ ਦਾ ਮੁੱਖ ਏਜੰਡਾ ਜਮਹੂਰੀ ਅਮਲ ਨੂੰ ਮਜ਼ਬੂਤ ਕਰਨਾ ਸੀ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। 5 ਅਗਸਤ 2019 ਨੂੰ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਮਨਸੂਖ ਕਰਨ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡੇ ਜਾਣ ਦੇ ਕੇਂਦਰ ਸਰਕਾਰ ਦੇ ਫੈਸਲੇ ਮਗਰੋਂ ਕੇਂਦਰੀ ਲੀਡਰਸ਼ਿਪ ਅਤੇ ਜੰਮੂ ਤੇ ਕਸ਼ਮੀਰ ਦੀਆਂ ਮੁੱਖ ਧਾਰਾ ਨਾਲ ਜੁੜੀਆਂ ਪਾਰਟੀਆਂ ਦਰਮਿਆਨ ਆਹਮੋ-ਸਾਹਮਣੀ ਹੋਣ ਵਾਲੀ ਇਹ ਪਲੇਠੀ ਮੀਟਿੰਗ ਸੀ। ਸੂਤਰਾਂ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਜੰਮੂ ਤੇ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਦੀ ਤਰਜ਼ ‘ਤੇ ਅਸੈਂਬਲੀ ਚੋਣਾਂ ਕਰਵਾਏ ਜਾਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਸੈਂਬਲੀ ਚੋਣਾਂ ਸਰਕਾਰ ਦੀ ਤਰਜੀਹ ਰਹੇਗੀ ਤੇ ਹਲਕਿਆਂ ਦੀ ਹੱਦਬੰਦੀ ਦਾ ਅਮਲ ਨਿੱਬੜਦੇ ਹੀ ਚੋਣਾਂ ਕਿਸੇ ਵੇਲੇ ਵੀ ਕਰਵਾਈਆਂ ਜਾ ਸਕਦੀਆਂ ਹਨ। ਸੂਤਰਾਂ ਨੇ ਕਿਹਾ ਕਿ ਮੀਟਿੰਗ ਵਿੱਚ ਸ਼ਾਮਲ ਬਹੁਤੀਆਂ ਪਾਰਟੀਆਂ ਨੇ ਸਰਕਾਰ ਦੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟਾਈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਜੰਮੂ ਤੇ ਕਸ਼ਮੀਰ ਵਿੱਚ ਸਾਰੇ ਵਰਗਾਂ ਲਈ ਸੁਰੱਖਿਅਤ ਮਾਹੌਲ ਤੇ ਸੁਰੱਖਿਆ ਯਕੀਨੀ ਬਣਾਉਣ ਦੀ ਵੱਡੀ ਲੋੜ ਹੈ ਤੇ ਉਹ ‘ਦਿੱਲੀ ਦੀ ਦੂਰੀ’ ਦੇ ਨਾਲ ਨਾਲ ‘ਦਿਲਾਂ ਦੀ ਦੂਰੀ’ ਨੂੰ ਵੀ ਮਿਟਾਉਣ ਦੇ ਚਾਹਵਾਨ ਹਨ।

ਜੰਮੂ ਕਸ਼ਮੀਰ ਦੇ ਵੱਖ ਵੱਖ ਆਗੂਆਂ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਬੇਗ਼ ਨੇ ਮੀਟਿੰਗ ਉਪਰੰਤ ਕਿਹਾ, ”ਮੀਟਿੰਗ ਬਹੁਤ ਸਾਜ਼ਗਾਰ ਮਾਹੌਲ ‘ਚ ਹੋਈ ਤੇ ਸਕਾਰਾਤਮਕ ਰਹਿਣ ਦੇ ਨਾਲ ਸ਼ਾਨਦਾਰ ਸੀ। ਅਸੀਂ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਕਿ ਸਾਨੂੰ ਜਮਹੂਰੀਅਤ ਲਈ ਕੰਮ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਭਰੋੋਸਾ ਦਿੱਤਾ ਹੈ ਕਿ ਉਹ ਜੰਮੂ ਤੇ ਕਸ਼ਮੀਰ ਨੂੰ ਝਗੜੇ ਵਾਲੇ ਜ਼ੋਨ ਦੀ ਥਾਂ ਅਮਨ-ਸ਼ਾਂਤੀ ਵਾਲਾ ਜ਼ੋਨ ਬਣਾਉਣ ਲਈ ਸਭ ਕੁਝ ਕਰਨਗੇ।” ਬੇਗ਼ ਨੇ ਕਿਹਾ, ‘ਸਰਕਾਰ ਨੇ ਸਾਨੂੰ ਸੁਨੇਹਾ ਦਿੱਤਾ ਹੈ ਕਿ ਅਸੈਂਬਲੀ ਚੋਣਾਂ ਜੰਮੂ ਤੇ ਕਸ਼ਮੀਰ ‘ਚ ਹਲਕਿਆਂ ਦੀ ਹੱਦਬੰਦੀ ਦਾ ਅਮਲ ਮੁਕੰਮਲ ਹੋਣ ਮਗਰੋਂ ਕਰਵਾਈਆਂ ਜਾਣਗੀਆਂ।’ ਬੇਗ ਨੇ ਕਿਹਾ ਕਿ ਸਰਕਾਰ ਨੇ ਹਾਲਾਂਕਿ ਚੋਣਾਂ ਕਰਵਾਉਣ ਲਈ ਕੋਈ ਸਮੇਂ ਸੀਮਾ ਨਿਰਧਾਰਿਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਸਿਆਸੀ ਆਗੂਆਂ ਵੱਲੋਂ ਚੁੱਕੇ ਹਰ ਮੁੱਦੇ ਨੂੰ ਧਿਆਨ ਨਾਲ ਸੁਣਿਆ ਤੇ ‘ਇਸ ਦੌਰਾਨ ਲਗਪਗ ਹਰ ਆਗੂ ਨੇ ਜੰਮੂ ਤੇ ਕਸ਼ਮੀਰ ਦਾ ਰਾਜ ਵਾਲਾ ਰੁਤਬਾ ਬਹਾਲ ਕਰਨ ਦੀ ਮੰਗ ਕੀਤੀ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ ‘ਤੇ ਹੋਈ ਮੀਟਿੰਗ ਵਿੱਚ ਜੰਮੂ ਤੇ ਕਸ਼ਮੀਰ ਨਾਲ ਸਬੰਧਤ 14 ਆਗੂ ਸ਼ਾਮਲ ਹੋਏ, ਜਿਨ੍ਹਾਂ ਵਿੱਚ ਚਾਰ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਸਨ। ਸ੍ਰੀ ਮੋਦੀ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੀ ਹਾਜ਼ਰੀ ਵਿੱਚ ਨੈਸ਼ਨਲ ਕਾਨਫਰੰਸ, ਪੀਡੀਪੀ, ਭਾਜਪਾ ਤੇ ਕਾਂਗਰਸ ਸਮੇਤ ਅੱਠ ਪਾਰਟੀਆਂ ਦੇ ਆਗੂਆਂ ਨੂੰ ਜੀ ਆਇਆਂ ਆਖਿਆ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦਫ਼ਤਰ ‘ਚ ਰਾਜ ਮੰਤਰੀ ਜਿਤੇਂਦਰ ਸਿੰਘ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਕੇ.ਮਿਸ਼ਰਾ ਤੇ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਵੀ ਮੌਜੂਦ ਸਨ। ਚਰਚਾ ਵਿੱਚ ਸ਼ਾਮਲ ਚਾਰ ਸਾਬਕਾ ਮੁੱਖ ਮੰਤਰੀਆਂ ‘ਚੋਂ ਨੈਸ਼ਨਲ ਕਾਨਫਰੰਸ ਵੱਲੋਂ ਫ਼ਾਰੂੁਕ ਅਬਦੁੱਲਾ ਤੇ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ, ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਆਪਣੇ ਵਿਚਾਰ ਰੱਖੇ। ਸਾਬਕਾ ਉਪ ਮੁੱਖ ਮੰਤਰੀਆਂ ‘ਚ ਕਾਂਗਰਸ ਦੇ ਤਾਰਾ ਚੰਦ, ਪੀਪਲਜ਼ ਕਾਨਫਰੰਸ ਦੇ ਮੁਜ਼ੱਫਰ ਹੁਸੈਨ ਬੇਗ਼ ਤੇ ਭਾਜਪਾ ਦੇ ਨਿਰਮਲ ਸਿੰਘ ਤੇ ਕਵਿੰਦਰ ਗੁਪਤਾ ਸ਼ਾਮਲ ਸਨ। ਸੀਪੀਐੱਮ ਵੱਲੋਂ ਮੁਹੰਮਦ ਯੂਸਫ ਤਰੀਗਾਮੀ, ਜੰਮੂ ਤੇ ਕਸ਼ਮੀਰ ਅਪਨੀ ਪਾਰਟੀ (ਜੇਕੇਏਪੀ) ਦੇ ਮੁਖੀ ਅਲਤਾਫ਼ ਬੁਖਾਰੀ, ਪੀਪਲਜ਼ ਕਾਨਫਰੰਸ ਦੇ ਸੱਜਾਦ ਲੋਨ, ਜੰਮੂ ਕਸ਼ਮੀਰ ਕਾਂਗਰਸ ਦੇ ਮੁਖੀ ਜੀ.ਏ.ਮੀਰ,ਭਾਜਪਾ ਦਾ ਰਵਿੰਦਰ ਰੈਣਾ ਤੇ ਪੈਂਥਰਜ਼ ਪਾਰਟੀ ਦੇ ਭੀਮ ਸਿੰਘ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਵਫ਼ਦ ਦਾ ਹਿੱਸਾ ਸਨ। -ਪੀਟੀਆਈ



Source link