ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਡੈਲਟਾ ਪਲੱਸ ਵੈਰੀਐਂਟ ਦੇ ਚਾਰ ਕੇਸ

ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਡੈਲਟਾ ਪਲੱਸ ਵੈਰੀਐਂਟ ਦੇ ਚਾਰ ਕੇਸ


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 26 ਜੂਨ

ਪੰਜਾਬ ਵਿੱਚ ਕਰੋਨਾਵਾਇਰਸ ਦੀ ਦੂਜੀ ਲਹਿਰ ਦੇ ਕੇਸਾਂ ਦੀ ਗਿਣਤੀ ਘਟਣ ਦੇ ਨਾਲ ਹਾਲੇ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੀ ਸੀ ਕਿ ਹੁਣ ਸੂਬੇ ਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਡੈਲਟਾ ਪਲੱਸ ਦੇ ਕੇਸ ਮਿਲਣੇ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਫ਼ਰੀਦਾਬਾਦ ਵਿਚ ਵੀ ਡੈਲਟਾ ਪਲੱਸ ਵੈਰੀਐਂਟ ਦਾ ਇਕ ਕੇਸ ਸਾਹਮਣੇ ਆਇਆ ਹੈ। ਕਰੋਨਾਵਾਇਰਸ ਲਾਗ ਦੀ ਇਹ ਕਿਸਮ ਸਭ ਤੋਂ ਵੱਧ ਛੂਤ ਵਾਲੀ ਕਿਸਮ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਕਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦਾ ਇਕ-ਇਕ ਕੇਸ ਸਾਹਮਣੇ ਆਇਆ ਹੈ ਜਦਕਿ ਸ਼ੁਕੱਰਵਾਰ ਨੂੰ ਪਟਿਆਲਾ ਵਿੱਚ ਇਸੇ ਵੈਰੀਐਂਟ ਦਾ ਇਕ ਕੇਸ ਪਾਇਆ ਗਿਆ ਸੀ। ਲੁਧਿਆਣਾ ਦੇ ਪਿੰਡ ਜੰਡ ਵਿੱਚ 68 ਸਾਲਾ ਇਕ ਵਿਅਕਤੀ ਡੈਲਟਾ ਪਲੱਸ ਵੈਰੀਐਂਟ ਤੋਂ ਪੀੜਤ ਮਿਲਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਮੌਲੀ ਜੱਗਰਾਂ ਵਿੱਚ 35 ਸਾਲਾ ਇਕ ਨੌਜਵਾਨ ਵਿੱਚ ਵੀ ਡੈਲਟਾ ਪਲੱਸ ਵੈਰੀਐਂਟ ਪਾਇਆ ਗਿਆ ਹੈ। ਲੰਘੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਇਕ 27 ਸਾਲਾ ਵਿਅਕਤੀ ਵਿੱਚ ਡੈਲਟਾ ਪਲੱਸ ਦਾ ਵੈਰੀਐਂਟ ਪਾਇਆ ਗਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਉਕਤ ਵਿਅਕਤੀਆਂ ਨੂੰ ਮਈ ਮਹੀਨੇ ਵਿੱਚ ਕਰੋਨਾ ਹੋਇਆ ਸੀ। ਉਸ ਤੋਂ ਬਾਅਦ ਉਹ ਠੀਕ-ਠੀਕ ਹਨ। ਸਿਹਤ ਵਿਭਾਗ ਨੇ ਉਕਤ ਵਿਅਕਤੀਆਂ ਦੇਂ ਸੈਂਪਲ ਲੈ ਕੇ ਦਿੱਲੀ ਜਾਂਚ ਲਈ ਭੇਜੇ ਸੀ ਤਾਂ ਸ਼ੁੱਕਰਵਾਰ ਨੂੰ ਇਕ ਅਤੇ ਸ਼ਨਿੱਚਰਵਾਰ ਨੂੰ ਦੋ ਜਣਿਆਂ ਵਿਚ ਡੈਲਟਾ ਪਲੱਸ ਵੈਰੀਐਂਟ ਮਿਲਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਨਜ਼ਦੀਕੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੰਚਕੂਲਾ (ਪੱਤਰ ਪ੍ਰੇਰਕ): ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਅੱਜ ਦੱਸਿਆ ਹੈ ਕਿ ਫ਼ਰੀਦਾਬਾਦ ਵਿੱਚ ਕਰੋਨਾ ਦੀ ਡੈਲਟਾ ਪਲੱਸ ਕਿਸਮ ਤੋਂ ਪੀੜਤ ਇੱਕ ਮਰੀਜ਼ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਫਿਕਰ ਵਾਲੀ ਗੱਲ ਹੈ ਪ੍ਰੰਤੂ ਸੂਬੇ ਦਾ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਚੇਤੰਨ ਹੈ ਅਤੇ ਇਸ ਲਾਗ ਨੂੰ ਹੋਰ ਫੈਲਣ ਤੋਂ ਰੋਕਣ ਦੇ ਪੂਰੇ ਯਤਨ ਕੀਤੇ ਜਾਣਗੇ। ਸਿਹਤ ਮੰਤਰੀ ਨੇ ਆਦੇਸ਼ ਦਿੱਤਾ ਹੈ ਕਿ ਪੀੜਤ ਮਰੀਜ਼ ਦੇ ਸੰਪਰਕ ‘ਚ ਆਉਣ ਵਾਲੇ ਸਾਰੇ ਵਿਅਕਤੀਆਂ ਦਾ ਪਤਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਡੈਲਟਾ ਕਰੋਨਾ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਫੈਲਣ ਵਾਲੀ ਕਿਸਮ: ਡਬਲਿਊਐੱਚਓ

ਸੰਯੁਕਤ ਰਾਸ਼ਟਰ/ਜਨੇਵਾ: ਡਬਿਲਊਐੱਚਓ ਦੇ ਮੁਖੀ ਟੈਡਰੋਸ ਅਧਾਨੌਮ ਗੈਬ੍ਰਿਸਸ ਨੇ ਚਿਤਾਵਨੀ ਦਿੱਤੀ ਹੈ ਕਿ ਕਰੋਨਾ ਦੀ ਡੈਲਟਾ ਕਿਸਮ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਫੈਲਣ ਵਾਲੀ ਕਿਸਮ ਹੈ ਅਤੇ ਇਸ ਦੀ ਲਾਗ 85 ਮੁਲਕਾਂ ‘ਚ ਮਿਲੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੁਲਕਾਂ ‘ਚ ਲੋਕਾਂ ਨੂੰ ਟੀਕੇ ਨਹੀਂ ਲੱਗੇ ਹਨ, ਉਥੇ ਡੈਲਟਾ ਤੇਜ਼ੀ ਨਾਲ ਫੈਲ ਰਿਹਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੈਬ੍ਰਿਸਸ ਨੇ ਕਿਹਾ ਕਿ ਡਬਿਲਊਐੱਚਓ ਡੈਲਟਾ ਕਿਸਮ ਨੂੰ ਲੈ ਕੇ ਫਿਕਰਮੰਦ ਹੈ। ਡੈਲਟਾ ਕਿਸਮ ਦੀ ਸਭ ਤੋਂ ਪਹਿਲਾਂ ਪਛਾਣ ਭਾਰਤ ‘ਚ ਹੋਈ ਸੀ। ਉਨ੍ਹਾਂ ਕਿਹਾ ਕਿ ਕੁਝ ਮੁਲਕਾਂ ‘ਚ ਪਾਬੰਦੀਆਂ ਤੋਂ ਰਾਹਤ ਦਿੱਤੀ ਜਾ ਰਹੀ ਹੈ ਜਿਸ ਨਾਲ ਦੁਨੀਆ ‘ਚ ਲਾਗ ਦੇ ਕੇਸ ਹੋਰ ਤੇਜ਼ੀ ਨਾਲ ਵਧ ਸਕਦੇ ਹਨ। -ਪੀਟੀਆਈ



Source link