‘ਸਿੱਖਸ ਫਾਰ ਜਸਟਿਸ’ ਨੇ ਹਮਾਇਤ ਜੁਟਾਉਣ ਲਈ ਵਿੱਢੀ ਮੁਹਿੰਮ ਤਿੰਨ ਮਹੀਨੇ ਮਗਰੋਂ ਰੋਕੀ

‘ਸਿੱਖਸ ਫਾਰ ਜਸਟਿਸ’ ਨੇ ਹਮਾਇਤ ਜੁਟਾਉਣ ਲਈ ਵਿੱਢੀ ਮੁਹਿੰਮ ਤਿੰਨ ਮਹੀਨੇ ਮਗਰੋਂ ਰੋਕੀ


ਨਵੀਂ ਦਿੱਲੀ/ਵਾਸ਼ਿੰਗਟਨ, 27 ਜੂਨ

ਭਾਰਤ ਵੱਲੋਂ ਗ਼ੈਰਕਾਨੂੰਨੀ ਇਕਾਈ ਕਰਾਰ ਦਿੱਤੇ ਗਏ ‘ਸਿੱਖਸ ਫਾਰ ਜਸਟਿਸ’ ਨੇ ਉਹ ਮੁਹਿੰਮ ਖ਼ਤਮ ਕਰ ਦਿੱਤੀ ਹੈ ਜੋ ਅਮਰੀਕੀ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਲਈ ਚਲਾਈ ਗਈ ਸੀ। ਇਕ ਦਸਤਾਵੇਜ਼ ਦੱਸਦਾ ਹੈ ਕਿ ਲਾਬੀ ਦੀ ਇਹ ਮੁਹਿੰਮ ਤਿੰਨ ਮਹੀਨੇ ਪਹਿਲਾਂ ਆਰੰਭੀ ਗਈ ਸੀ। ਹਮਾਇਤ ਜੁਟਾਉਣ ਵਾਲੀ ਰਜਿਸਟਰਡ ‘ਬਲੂ ਸਟਾਰ ਸਟ੍ਰੈਟਜੀਸ ਐਲਐਲਸੀ’ ਨੇ ਲਾਬਿੰਗ ਬਾਰੇ ਜਿਹੜੀ ਰਿਪੋਰਟ ਦਾਖਲ ਕੀਤੀ ਸੀ, ਉਸ ਵਿਚ ‘ਸਿੱਖਸ ਫਾਰ ਜਸਟਿਸ’ ਨੂੰ ‘ਅਮਰੀਕਾ ਅਧਾਰਿਤ ਗ਼ੈਰ ਸਰਕਾਰੀ ਸੰਗਠਨ ਦੱਸਿਆ ਗਿਆ ਹੈ ਜੋ ਕਿ ਪੰਜਾਬ ਨੂੰ ਭਾਰਤ ਤੋਂ ਅਲੱਗ ਕਰਨ ਦੀ ਹਮਾਇਤ ਕਰਦਾ ਹੈ।’ ਹਮਾਇਤ ਜੁਟਾਉਣ ਵਾਲੇ ਨੇ ਅੱਗੇ ਖੁਲਾਸਾ ਕੀਤਾ ਹੈ ਕਿ ‘ਸਿੱਖਸ ਫਾਰ ਜਸਟਿਸ’ ਭਾਰਤ ਵਿਚ ਹੁੰਦੇ ਵਿਹਾਰ ਬਾਰੇ ਅਮਰੀਕੀਆਂ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ। ਲਾਬਿੰਗ ਲਈ ਦਸਤਾਵੇਜ਼ ਅਮਰੀਕੀ ਸੈਨੇਟ ਲਾਬਿੰਗ ਕੋਲ 12 ਮਾਰਚ ਨੂੰ ਦਾਖਲ ਕੀਤੇ ਗਏ ਸਨ। ਇਸ ਤੋਂ ਬਾਅਦ ਇਕ ਰਿਪੋਰਟ 19 ਅਪਰੈਲ ਨੂੰ ਦਾਇਰ ਕੀਤੀ ਗਈ। ਮੁੱਢਲੀ ਫਾਈਲ ਵਿਚ ਇਹ ਵੀ ਕਿਹਾ ਗਿਆ ਸੀ ਕਿ ‘ਸਿੱਖ-ਅਮਰੀਕੀ ਭਾਈਚਾਰਾ ਅਮਰੀਕਾ ਦਾ ਧਿਆਨ ਸਿੱਖਾਂ ਨਾਲ ਜੁੜੇ ਮੁੱਦਿਆਂ ਵੱਲ ਦਿਵਾਉਣਾ ਚਾਹੁੰਦਾ ਹੈ।’ ਹਾਲਾਂਕਿ ਤਿੰਨ ਮਹੀਨੇ ਬਾਅਦ 31 ਮਈ ਨੂੰ ‘ਬਲੂ ਸਟਾਰ ਸਟ੍ਰੈਟਜੀਸ’ ਨੇ ‘ਸਿੱਖਸ ਫਾਰ ਜਸਟਿਸ’ ਲਈ ਇਹ ਲਾਬਿੰਗ ਬੰਦ ਕਰ ਦਿੱਤੀ ਸੀ। ‘ਟਰਮੀਨੇਸ਼ਨ ਰਿਪੋਰਟ’ ਅਮਰੀਕੀ ਸੈਨੇਟ ਲਾਬਿੰਗ ਦੇ ਪਲੈਟਫਾਰਮ ਉਤੇ 15 ਜੂਨ ਨੂੰ ਪੋਸਟ ਕਰ ਦਿੱਤੀ ਗਈ ਸੀ। ਲਾਬਿੰਗ ਖ਼ਤਮ ਕਰਨ ਲਈ ਕੋਈ ਵਿਸ਼ੇਸ਼ ਕਾਰਨ ਨਹੀਂ ਦਿੱਤਾ ਗਿਆ। ਲਾਬੀ ਕਰਨ ਵਾਲੇ ਨੇ ਲਿਖਿਆ ਹੈ ਕਿ ਉਸ ਨੂੰ 2021 ਦੀ ਦੂਜੀ ਤਿਮਾਹੀ ਵਿਚ ਸਿਰਫ਼ ਪੰਜ ਹਜ਼ਾਰ ਡਾਲਰ ਹੀ ਫੀਸ ਵਜੋਂ ਮਿਲੇ ਹਨ। -ਪੀਟੀਆਈ



Source link