ਪੇਈਚਿੰਗ, 29 ਜੂਨ
ਭਾਰਤ ਦੇ ਮਸ਼ਹੂਰ ਲੇਖਕਾਂ ਵੱਲੋਂ ਵੱਖ ਵੱਖ ਭਾਸ਼ਾਵਾਂ ‘ਚ ਰਚੇ ਗਏ ਆਧੁਨਿਕ ਸਾਹਿਤ ਦੀਆਂ 10 ਪੁਸਤਕਾਂ ਦਾ ਅੰਗਰੇਜ਼ੀ, ਰੂਸੀ ਤੇ ਚੀਨੀ ਅਨੁਵਾਦ ਅੱਜ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਹੈੱਡਕੁਆਰਟਰ ਨੂੰ ਭੇਟ ਕੀਤੀਆਂ ਗਈਆਂ। ਚੀਨ ‘ਚ ਭਾਰਤ ਦੇ ਰਾਜਦੂਤ ਵਿਕਰਮ ਮਿਸਤਰੀ ਨੇ ਇਹ ਪੁਸਤਕਾਂ ਇੱਥੇ ਐੱਸਸੀਓ ਸਕੱਤਰੇਤ ‘ਚ ਐੱਸਸੀਓ ਦੇ ਜਨਰਲ ਸਕੱਤਰ ਵਲਾਦੀਮੀਰ ਨੋਰੋਵ ਨੂੰ ਭੇਟ ਕੀਤੀਆਂ। ਸੰਘਾਈ ਸਹਿਯੋਗ ਸੰਗਠਨ ਚੀਨ, ਰੂਸ, ਕਜ਼ਾਖਸਤਾਨ, ਕਿਰਗਿਜ਼ਸਤਾਨ, ਤਾਜ਼ਿਕਸਤਾਨ, ਉਜ਼ਬੇਕਿਸਤਾਨ, ਭਾਰਤ ਤੇ ਪਾਕਿਸਤਾਨ ਨਾਲ ਮਿਲ ਕੇ ਬਣਿਆ ਅੱਠ ਮੈਂਬਰਾਂ ਦਾ ਆਰਥਿਕ ਤੇ ਸੁਰੱਖਿਆ ਗਰੁੱਪ ਹੈ।
ਅੱਜ ਦਿੱਤੀ ਗਈ ਇਹ ਭੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2019 ‘ਚ ਬਿਸ਼ਕੇਕ ‘ਚ ਰਾਸ਼ਟਰ ਮੁਖੀਆਂ ਦੀ ਐੱਸਸੀਓ ਕੌਂਸਲ ਦੇ ਸਿਖਰ ਸੰਮੇਲਨ ਦੇ ਕੀਤੇ ਗਏ ਐਲਾਨ ਦੇ ਨਤੀਜੇ ਵਜੋਂ ਦਿੱਤੀ ਗਈ ਹੈ ਜਿਸ ‘ਚ ਕਿਹਾ ਗਿਆ ਸੀ ਕਿ ਭਾਰਤੀ ਸਾਹਿਤ ਦੀਆਂ ਦਸ ਸਰਵੋਤਮ ਪੁਸਤਕਾਂ ਦਾ ਰੂਸੀ ਤੇ ਚੀਨੀ ਭਾਸ਼ਾ ‘ਚ ਅਨੁਵਾਦ ਕੀਤਾ ਜਾਵੇਗਾ ਜੋ ਐੱਸਸੀਓ ਦੀਆਂ ਅਧਿਕਾਰਤ ਭਾਸ਼ਾਵਾਂ ਹਨ। ਇਸ ਅਨੁਸਾਰ ਸਾਹਿਤ ਅਕਾਦਮੀ ਨੇ ਅਨੁਵਾਦ ਪ੍ਰਾਜੈਕਟ ਸ਼ੁਰੂ ਕੀਤਾ ਸੀ ਅਤੇ ਪਿਛਲੇ ਸਾਲ ਦੇ ਅਖੀਰ ਤੱਕ ਇਸ ਨੂੰ ਪੂਰਾ ਕਰ ਲਿਆ ਸੀ। ਅਨੁਵਾਦਿਤ ਪੁਸਤਕਾਂ ‘ਚ ਗੁਰਦਿਆਲ ਸਿੰਘ ਦੀ ‘ਦਿ ਲਾਸਟ ਫਲਿੱਕਰ’ (ਪੰਜਾਬੀ), ਰਾਜਿੰਦਰ ਸਿੰਘ ਬੇਦੀ ਦੀ ‘ਓਰਡੇਨਡ ਬਾਇ ਫੇਟ’ (ਉਰਦੂ), ਤਾਰਾਸ਼ੰਕਰ ਬੰਦੋਪਾਧਿਆਏ ਵੱਲੋਂ ਲਿਖੀ ‘ਅਰੋਗਿਆ ਨਿਕੇਤਨ’ (ਬੰਗਾਲੀ), ਰਚਕੋਂਡਾ ਵਿਸ਼ਵਨਾਥ ਸ਼ਾਸਤਰੀ ਦੀ ‘ਇੱਲੂ’ (ਤੇਲਗੂ), ਨਿਰਮਲ ਵਰਮਾ ਦੀ ‘ਦਿ ਲਾਸਟ ਐਗਜ਼ਿਟ’ (ਹਿੰਦੀ), ਸੱਯਦ ਅਬਦੁਲ ਮਲਿਕ ਦੀ ‘ਲੌਂਗਿੰਗ ਫਾਰ ਸਨਸ਼ਾਈਨ’ (ਅਸਮੀ), ਮਨੋਜ ਦਾਸ ਦੀ ‘ਮਿਸਟਰੀ ਆਫ ਦਿ ਮਿਸਿੰਗ ਕੈਪ ਐਂਡ ਅਦਰ ਸ਼ਾਰਟ ਸਟੋਰੀਜ਼’ (ਉੜੀਸਾ), ਜੈਕਨਾਥਨ ਦੀ ‘ਆਫ ਮੈੱਨ ਐਂਡ ਮੋਮੈਂਟਸ’ (ਤਾਮਿਲ), ਐੱਸਐੱਲ ਭਯਰੱਪਾ ਦੀ ‘ਪਰਵ: ਏ ਟੇਲ ਆਫ ਵਾਰ, ਪੀਸ, ਲਵ, ਡੈੱਥ, ਗੌਡ ਐਂਡ ਮੈਨ’ (ਕੰਨੜ) ਅਤੇ ਝਾਵੇਰਚੰਦ ਮੇਘਨਾਨੀ ਦੀ ‘ਦਿ ਪ੍ਰਾਮਿਸਡ ਹੈਂਡ’ (ਗੁਜਰਾਤੀ) ਸ਼ਾਮਲ ਹਨ। ਇਹ ਪੁਸਤਕਾਂ ਭੇਟ ਕਰਦਿਆਂ ਮਿਸਤਰੀ ਨੇ ਇਨ੍ਹਾਂ ਪੁਸਤਕਾਂ ਨੂੰ ਚੰਗੀਆਂ ਰਚਨਾਵਾਂ ਕਰਾਰ ਦਿੱਤਾ ਤੇ ਉਮੀਦ ਜ਼ਾਹਿਰ ਕੀਤੀ ਕਿ ਐੱਸਸੀਓ ਮੈਂਬਰ ਮੁਲਕਾਂ ਵਿਚਾਲੇ ਸੱਭਿਆਚਾਰਕ ਰਿਸ਼ਤੇ ਮਜ਼ਬੂਤ ਹੋਣਗੇ। -ਪੀਟੀਆਈ