ਫੌਜੀ ਜਵਾਨ ਨੂੰ ਚੋਰ ਸਮਝ ਕੇ ਕੁੱਟ-ਕੁੱਟ ਕੇ ਮਾਰਿਆ

ਫੌਜੀ ਜਵਾਨ ਨੂੰ ਚੋਰ ਸਮਝ ਕੇ ਕੁੱਟ-ਕੁੱਟ ਕੇ ਮਾਰਿਆ


ਕੇ.ਪੀ ਸਿੰਘ

ਗੁਰਦਾਸਪੁਰ, 1 ਜੁਲਾਈ

ਫ਼ੌਜ ਦੀ ਗਰਿਫ ਯੂਨਿਟ ਵਿਚ ਤਾਇਨਾਤ ਇਕ ਸਿਪਾਹੀ ਦੀ ਚੋਰ ਸਮਝ ਕੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਸ਼ਹਿਰੀ ਪੁਲੀਸ ਨੇ ਇਸ ਸਬੰਧੀ ਦੋ ਭਰਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਓਂਕਾਰ ਸਿੰਘ ਵਾਸੀ ਪਿੰਡ ਲਾਹੜੀ ਸਰਮੋ ਨੇ ਦੱਸਿਆ ਕਿ ਉਸ ਦਾ ਲੜਕਾ ਦੀਪਕ(38) ਜੋ ਉਤਰਾਂਚਲ ਵਿੱਚ ਤਾਇਨਾਤ ਸੀ ਨੇ ਫੋਨ ‘ਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ 30 ਜੂਨ ਨੂੰ ਛੁੱਟੀ ‘ਤੇ ਆ ਰਿਹਾ ਹੈ। ਬੁੱਧਵਾਰ ਦੀ ਰਾਤ ਕਰੀਬ ਸਾਢੇ ਅੱਠ ਵਜੇ ਦੀਪਕ ਨੇ ਫੋਨ ‘ਤੇ ਦੱਸਿਆ ਸੀ ਕਿ ਉਹ ਬੱਸ ਰਾਹੀਂ ਘਰ ਆ ਰਿਹਾ ਹੈ। ਉਨ੍ਹਾਂ ਰਾਤ 12.30 ਵਜੇ ਦੀਪਕ ਨੂੰ ਫੋਨ ਕੀਤਾ ਤੇ ਉਸ ਤੋਂ ਪੁੱਛਿਆ ਕਿ ਉਹ ਕਿਥੇ ਪੁੱਜ ਗਿਆ ਹੈ। ਉਸ ਨੇ ਦੱਸਿਆ ਸੀ ਕਿ ਉਹ ਕਿਸੇ ਗੁਰਦੁਆਰੇ ਨੇੜੇ ਹੈ ਅਤੇ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਹੈ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਗੁਰਦੁਆਰੇ ਵਿੱਚ ਚੋਰੀ ਕਰਨ ਆਇਆ ਹੈ। ਇਸ ਤੋਂ ਬਾਅਦ ਉਸ ਦਾ ਫੋਨ ਕਟ ਗਿਆ ਤੇ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਓਂਕਾਰ ਸਿੰਘ ਨੇ ਦੱਸਿਆ ਕਿ ਅੱਜ ਕੁਝ ਪੁਲੀਸ ਮੁਲਾਜ਼ਮ ਉਸ ਦੇ ਘਰ ਆਏ ਤੇ ਉਨ੍ਹਾਂ ਨੇ ਦੱਸਿਆ ਕਿ ਦੀਪਕ ਦੀ ਮੌਤ ਹੋ ਗਈ ਹੈ। ਗੁਰਦਾਸਪੁਰ ਤਿੱਬੜੀ ਰੋਡ ‘ਤੇ ਬਾਈਪਾਸ ਸਥਿਤ ਜਿਸ ਗੁਰਦੁਆਰੇ ਕੋਲੋਂ ਦੀਪਕ ਦੇ ਜ਼ਖ਼ਮੀ ਹਾਲਤ ਵਿੱਚ ਮਿਲਣ ਬਾਰੇ ਦੱਸਿਆ ਗਿਆ, ਜਦ ਉਹ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਗੁਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਤਿੱਬੜੀ ਰੋਡ, ਗੁਰਦਾਸਪੁਰ ਅਤੇ ਦਲਬੀਰ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪਿੰਡ ਪਾਹੜਾ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਦੀਪਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਦੂਜੇ ਪਾਸੇ ਪੁਲੀਸ ਨੇ ਦੱਸਿਆ ਕਿ ਸਵੇਰ ਸਮੇਂ ਗੁਰਦੁਆਰੇ ਨੇੜੇ ਇੱਕ ਜ਼ਖ਼ਮੀ ਵਿਅਕਤੀ ਦੇ ਲਾਵਾਰਸ ਹਾਲਤ ਵਿੱਚ ਪਏ ਹੋਣ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਸੀ। ਉਹ ਤੁਰਤ ਮੌਕੇ ‘ਤੇ ਪੁੱਜੇ ਤੇ ਉਸ ਵਿਅਕਤੀ ਨੂੰ ਹਸਪਤਾਲ ਲਿਜਾ ਰਹੇ ਸਨ ਕਿ ਰਾਹ ਵਿੱਚ ਹੀ ਉਸ ਦੀ ਮੌਤ ਹੋ ਗਈ। ਉਧਰ, ਗੁਰਦੁਆਰੇ ਨਜ਼ਦੀਕ ਖੜ੍ਹੇ ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਸਵੇਰੇ ਜਦੋਂ ਪੁਲੀਸ ਟੀਮ ਜ਼ਖ਼ਮੀ ਦੀਪਕ ਨੂੰ ਚੁੱਕ ਕੇ ਹਸਪਤਾਲ ਲਿਜਾ ਰਹੀ ਸੀ ਤਾਂ ਗੁਰਜੀਤ ਸਿੰਘ ਅਤੇ ਦਲਬੀਰ ਸਿੰਘ ਨੇ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਸੀ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਓਂਕਾਰ ਸਿੰਘ ਦੇ ਬਿਆਨਾਂ ‘ਤੇ ਗੁਰਜੀਤ ਸਿੰਘ ਅਤੇ ਦਲਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।



Source link