ਦਰਸ਼ਨ ਸਿੰਘ ਸੋਢੀ
ਮੁਹਾਲੀ, 4 ਜੁਲਾਈ
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰ ਅਧਿਆਪਕ ਯੂਨੀਅਨਾਂ ਵੱਲੋਂ ਕੱਚੇ ਅਧਿਆਪਕ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਭਵਨ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਐਤਵਾਰ ਨੂੰ 19ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਗਰਮੀ ਵਿੱਚ ਕੱਚੇ ਅਧਿਆਪਕ ਸਤਿੰਦਰ ਸਿੰਘ ਕੰਗ ਤਰਨਤਾਰਨ, ਕੁਲਬੀਰ ਸਿੰਘ ਅਬੋਹਰ, ਕੁਲਵਿੰਦਰ ਸਿੰਘ ਨਾੜੂ, ਬੇਅੰਤ ਸਿੰਘ ਪਟਿਆਲਾ, ਸਮਰ ਸਿੰਘ ਮਾਨਸਾ ਅਤੇ ਰੋਹਿਤ ਕੁਮਾਰ ਅੰਮ੍ਰਿਤਸਰ ਸਿੱਖਿਆ ਭਵਨ ਦੀ ਛੱਤ ‘ਤੇ ਡਟੇ ਹੋਏ ਹਨ। ਇਸੇ ਦੌਰਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ਼) ਪੰਜਾਬ ਨੇ ਕੱਚੇ ਅਧਿਆਪਕਾਂ ਦੇ ਧਰਨੇ ਵਿੱਚ ਪਹੁੰਚ ਕੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਡੀਟੀਐੱਫ਼ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿੱਚ ਸਰਕਾਰੀ ਅਧਿਆਪਕ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚੇ। ਜਿੱਥੋਂ ਉਹ ਵੱਡੇ ਕਾਫ਼ਲੇ ਦੇ ਰੂਪ ਵਿੱਚ ਮਾਰਚ ਕਰਦੇ ਹੋਏ ਧਰਨੇ ਵਿੱਚ ਪਹੁੰਚੇ। ਉਨ੍ਹਾਂ ਕੱਚੇ ਅਧਿਆਪਕਾਂ ਦੇ ਸੰਘਰਸ਼ ਨੂੰ ਜਾਇਜ਼ ਦੱਸਦਿਆਂ ਮੌਕੇ ‘ਤੇ 31 ਹਜ਼ਾਰ ਰੁਪਏ ਨਗਦ ਰਾਸ਼ੀ ਦਿੱਤੀ ਅਤੇ ਬੀਤੀ 29 ਜੂਨ ਨੂੰ ਜਲ ਤੋਪਾਂ ਦੇ ਮੂੰਹ ਮੋੜਨ ਵਾਲੀ ਅਧਿਆਪਕਾ ਪੁਸ਼ਪਾ ਰਾਣੀ ਨੂੰ ‘ਗਦਰੀ ਗੁਲਾਬ ਕੌਰ’ ਯਾਦਗਾਰੀ ਚਿੰਨ੍ਹ ਅਤੇ ਅਧਿਆਪਕ ਸਤਿੰਦਰ ਸਿੰਘ ਨੂੰ ‘ਸ਼ਹੀਦ ਭਗਤ ਸਿੰਘ’ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸ੍ਰੀ ਵਿਕਰਮ ਦੇਵ ਸਿੰਘ, ਅਜਮੇਰ ਸਿੰਘ ਔਲਖ, ਗਗਨਦੀਪ ਕੌਰ ਅਬੋਹਰ, ਦਵਿੰਦਰ ਸਿੰਘ ਸੰਧੂ, ਹਰਪ੍ਰੀਤ ਕੌਰ ਅਤੇ ਵੀਰਪਾਲ ਕੌਰ ਸਿਧਾਣਾ ਅਤੇ ਜਸਵੰਤ ਸਿੰਘ ਪੰਨੂ, ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨ ਲੈਂਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਰਾਜੀਵ ਬਰਨਾਲਾ, ਰਘਵੀਰ ਭਵਾਨੀਗੜ੍ਹ, ਹਰਜਿੰਦਰ ਸਿੰਘ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਨਛੱਤਰ ਸਿੰਘ, ਪਰਮਿੰਦਰ ਮਾਨਸਾ, ਮਹਿੰਦਰ ਕੌੜਿਆਂਵਾਲੀ, ਪਵਨ ਕੁਮਾਰ ਮੁਕਤਸਰ, ਸੁਖਦੇਵ ਡਾਂਸੀਵਾਲ, ਜਸਵੀਰ ਅਕਾਲਗੜ੍ਹ, ਪ੍ਰਿੰਸੀਪਲ ਲਖਵਿੰਦਰ ਸਿੰਘ, ਕੁਲਵਿੰਦਰ ਜੋਸ਼ਨ, ਜਸਵਿੰਦਰ ਔਜਲਾ ਹਾਜ਼ਰ ਸਨ।